ਫ਼ਰੀਦਕੋਟ : ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਨਵੰਬਰ 1984 ਨੂੰ ਯਾਦ ਕਰਦਿਆਂ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ਾਤਮਈ ਮਾਰਚ ਕੱਢਿਆ ਗਿਆ। ਇਸ ਉਪਰੰਤ ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ 36 ਸਾਲ ਤੋਂ ਇਨਸਾਫ ਦੀ ਉਡੀਕ 'ਚ ਬੈਠੇ ਪੀੜਤਾਂ ਨੂੰ ਇਨਸਾਫ ਦੇਣ ਦੀ ਮੰਗ ਦੋਹਰਾਈ ਤਾਂ ਜੋ ਦੇਸ਼ ਭਰ ਦੇ 18 ਸੂਬਿਆਂ ਵਿਚਲੇ 110 ਸਹਿਰਾਂ 'ਚ ਗਿਣੀ ਮਿੱਥੀ ਸਾਜਿਸ਼ ਤਹਿਤ ਸਿੱਖਾਂ ਵਿਰੁੱਧ ਹੋਈ ਕਾਰਵਾਈ ਦਾ ਪਰਦਾਫਾਸ਼ ਹੋ ਸਕੇ।
ਇਸ ਮੌਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਰੋਸ ਮਾਰਚ ਦੀ ਅਗਵਾਈ ਦੌਰਾਨ ਸਬੋਧਨ ਕਰਦਿਆਂ ਕਿਹਾ ਕਿ 31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਿੱਖ ਕਤਲੇਆਮ ਦੀ ਪਹਿਲੀ ਘਟਨਾ 1 ਨਵੰਬਰ ਨੂੰ ਦਿੱਲੀ 'ਚ ਵਾਪਰੀ। ਫਿਰ 5 ਨਵੰਬਰ ਤੱਕ ਦਿੱਲੀ, ਕਾਨਪੁਰ, ਬੋਕਾਰੋ ਸਮੇਤ ਦੇਸ਼ ਦੇ 18 ਸੂਬਿਆਂ ਵਿਚਲੇ 110 ਸ਼ਹਿਰਾਂ ਵਿੱਚ ਯੋਜਨਾਬੰਧ ਢੰਗ ਨਾਲ ਸਿੱਖਾਂ ਦਾ ਕਤਲੇਆਮ ਹੋਇਆ।
ਉਨ੍ਹਾਂ ਕਿਹਾ ਕਿ ਇਸ ਕਤਲੇਆਮ ਦੌਰਾਨ 7 ਹਜ਼ਾਰ ਤੋਂ ਵੱਧ ਨਿਹੱਥੇ ਤੇ ਬੇਕਸੂਰ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ, ਇਕੱਲੇ ਨਵੀ ਦਿੱਲੀ ਵਿੱਚ ਹੀ ਸਰਕਾਰੀ ਰਿਕਾਰਡ ਅਨੁਸਾਰ 2733 ਕਤਲਾਂ ਵਿੱਚੋਂ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਹੀ ਉਮਰ ਕੈਦ ਦੀ ਸਜਾ ਸੁਣਾਈ ਗਈ, ਜਦਕਿ ਬਹੁਤੇ ਕਤਲੇਆਮ ਦੇ ਦੋਸ਼ੀ ਅਜੇ ਵੀ ਅਜ਼ਾਦ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਨਵੰਬਰ 1984 ਨਾ ਭੁੱਲੇ ਗੀ ਅਤੇ ਨਾ ਹੀ ਭੁੱਲਾਂਗੇ, ਇਹ ਉਹ ਪੀੜ ਹੈ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ।