ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਦੋਰਾਨ ਆਮ ਆਦਮੀ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਆਪਣੇ ਦਿੱਲੀ ਮਾਡਲ ਤਹਿਤ ਦਿੱਲੀ ਦੇ ਲੋਕਾਂ ਨੂੰ ਕਿਸੇ ਵੀ ਸਮਾਜ ਭਲਾਈ ਸਕੀਮ ਦਾ ਲਾਭ ਨਹੀਂ ਦੇ ਰਹੀ। ਜੇਕਰ ਉਹ ਸੱਤਾ ਵਿਚ ਆ ਗਈ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਸਾਮਜ ਭਲਾਈ ਸਕੀਮਾਂ ਦੇ ਲਾਭ ਖ਼ਤਮ ਕਰ ਦੇਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਬੁਢਾਪਾ ਪੈਨਸ਼ਨ, ਆਟਾ ਦਾਲ ਜਾਂ ਸ਼ਗਨ ਸਕੀਮ ਦਾ ਕੋਈ ਸਮਾਜਿਕ ਲਾਭ ਨਹੀਂ ਦਿੱਤਾ ਪਰ ਇਹ ਦਿੱਲੀ ਦੇ ਲੋਕਾਂ ਨੁੰ 12 ਤੋਂ 13 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਮਹਿੰਗੀ ਬਿਜਲੀ ਜ਼ਰੂਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਕੋਈ ਸਹੂਲਤ ਨਹੀਂ ਦਿੱਤੀ। ਉਹਨਾਂ ਕਿਹਾ ਕਿ ਪੰਜਾਬੀ ਇਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਆਮ ਆਦਮੀ ਪਾਰਟੀ ਸਾਰੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਤੇ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੁੰ ਰੈਗੂਲਰ ਕਰਨ ਦੇ ਫੈਸਲੇ ਲਵੇਗੀ। ਉਸਨੇ ਦਿੱਲੀ ਵਿਚ ਅਜਿਹੇ ਵਾਅਦੇ ਪੂਰੇ ਨਹੀਂ ਕੀਤੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਨੁੰ ਇੱਕ ਮੌਕਾ ਦੇਣ ਦੀਆਂ ਅਪੀਲਾਂ ਕਰ ਕੇ ਆਪਣੀ ਕਿਸਮਤ ਅਜਮਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮਾਮਲਿਆਂ ’ਤੇ ਪਿਛਲੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਦਿੱਲੀ ਤੇ ਹਰਿਆਣਾ ਲਈ ਹਿੱਸਾ ਮੰਗਿਆ ਸੀ। ਇਸਨੇ ਪੰਜਾਬ ਦੇ ਚਾਰੋਂ ਥਰਮਲ ਪਲਾਂਟ ਬੰਦ ਕਰਨ ਅਤੇ ਪਰਾਲੀ ਸਾੜਦੇ ਕਿਸਾਨਾਂ ਦੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਨ ਵੀ ਮੰਗ ਕੀਤੀ।
ਟਿਕਟਾਂ ਦੇ ਮਾਮਲੇ ਤੇ ਉਨ੍ਹਾਂ ਨੇ ਸਭ ਤੋਂ ਵੱਧ ਬੋਲੀ ਲਾਉਣ ਵਾਲੇ ਨੂੰ ਟਿਕਟਾਂ ਵੇਚਣ ’ਤੇ ਅਰਵਿੰਦ ਕੇਜਰੀਵਾਲ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਾਰਟੀ ਅਪਰਾਧਿਕ ਪਿਛੋਕੜ ਵਾਲਿਆਂ ਨੂੰ ਟਿਕਟਾਂ ਵੇਚ ਕੇ ਪੰਜਾਬ ਦਾ ਸਿਆਸੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕਾਂਗਰਸ ਸਰਕਾਰ ਬਾਰੇ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਇਸਨੇ ਸੇਵਾ ਕੇਂਦਰ ਬੰਦ ਕਰ ਦਿੱਤੇ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਬੰਦ ਕਰ ਦਿੱਤੀ, ਖੇਡ ਕਿੱਟਾਂ ਦੀ ਵੰਡ ਬੰਦ ਕਰ ਦਿੱਤੀ ਅਤੇ ਵਿਸ਼ਵ ਕਬੱਡੀ ਕੱਪ ਦਾ ਆਯੋਜਨ ਵੀ ਬੰਦ ਕਰ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਫਰੀਦਕੋਟ ਵਿਚ ਪਰਮਬੰਸ ਸਿੰਘ ਰੋਮਾਣਾ, ਜੈਤੋਂ ਵਿਚ ਸੂਬਾ ਸਿੰਘ ਬਾਦਲ ਤੇ ਕੋਟਕਪੁਰਾ ਵਿਚ ਮਨਤਾਰ ਸਿੰਘ ਬਰਾੜ ਦੇ ਹੱਕ ਵਿਚ ਜਨਤਕ ਇਕੱਠਾਂ ਨੁੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ: ਸਿੱਧੂ ਦੇ ਹੱਕ 'ਚ ਨਿੱਤਰੇ ਬਿੱਟੂ , 'ਮਜੀਠੀਆ ਦਾ ਸਿਆਸੀ ਅੰਤ ਕਰੇਗਾ ਸਿੱਧੂ'