ਫ਼ਰੀਦਕੋਟ: ਸ਼ਹਿਰ ਦੇ ਬਾਹਰਵਾਰ ਨੈਸ਼ਨਲ ਹਾਈਵੇ 'ਤੇ ਦਿਲ ਦਹਿਲਾਉਣ ਵਾਲਾ ਸਾਹਮਣੇ ਆਇਆ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੰਡੀਗੋ ਕਾਰ ਪੌਦਿਆਂ ਨੂੰ ਪਾਣੀ ਦੇਣ ਵਾਲੇ ਖੜ੍ਹੇ ਟੈਂਕਰ ਵਿੱਚ ਜਾ ਵਜੀ।
ਹਾਦਸੇ ਵਿੱਚ ਮਾਰੇ ਗਏ ਪਿਓ-ਪੁੱਤ ਦੀ ਪਛਾਣ ਅੰਮ੍ਰਿਤਸਰ ਵਾਸੀ ਸੁਰਿੰਦਰ ਪਾਲ ਸਿੰਘ ਤੇ ਪੁੱਤਰ ਜੋਗਿੰਦਰ ਪਾਲ ਸਿੰਘ ਵਜੋਂ ਹੋਈ। ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਦੇ ਟੁਕੜੇ-ਟੁਕੜੇ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਨੂੰ ਕੱਟ ਕੇ ਕਾਰ ਵਿੱਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਤੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਇਸ ਮੌਕੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮਾਰੇ ਗਏ ਪਿਓ- ਪੁੱਤ ਬਾਰੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕਰੇਗੀ।