ਫਰੀਦਕੋਟ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨਾਲ ਜੁੜੇ ਭੜਕਾਊ ਪੋਸਟਰ ਲਗਾਉਣ ਦੇ ਮਾਮਲੇ ਵਿਚ ਥਾਣਾ ਬਾਜਾਖਾਨਾ 'ਚ ਦਰਜ FIR ਨੰਬਰ 117 ਵਿਚ ਗ੍ਰਿਫ਼ਤਾਰ 2 ਡੇਰਾ ਪ੍ਰੇਮੀਆਂ ਦਾ ਅਦਾਲਤ ਨੇ 2 ਦਿਨਾਂ ਦਾ ਪੁਲਿਸ ਰਿਮਾਂਡ ਹੋਰ ਵਧਾ ਦਿੱਤਾ। ਡੇਰਾ ਪ੍ਰੇਮਾ ਸਨੀ ਕੰਡਾ ਅਤੇ ਬਲਜੀਤ ਸਿੰਘ ਨੂੰ ਅੱਜ ਪੁਲਿਸ ਰਿਮਾਂਡ ਖਤਮ ਹੋਣ ਤੇ SIT ਵਲੋਂ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਜਿਥੋਂ ਅਦਾਲਤ ਨੇ ਦੋਹਾਂ ਦੇ ਪੁਲਿਸ ਰਿਮਾਂਡ ਵਿਚ SIT ਦੀ ਮੰਗ 'ਤੇ 2 ਦਿਨ ਦਾ ਵਾਧਾ ਕਰ ਦਿੱਤਾ। ਹੁਣ ਦੋਹਾਂ ਕਥਿਤ ਦੋਸ਼ੀਆਂ ਨੂੰ 4 ਜੂਨ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
SIT ਜਾਣ ਬੁਝ ਕੇ ਅਦਾਲਤ ਨੂੰ ਗੁਮਰਾਹ ਕਰ ਰਹੀ ਹੈ : ਵਕੀਲ ਵਿਨੋਦ ਮੌਂਗਾ
ਉਧਰ ਦੂਜੇ ਪਾਸੇ ਇਸ ਮਾਮਲੇ ਵਿਚ ਬਚਾਅ ਪੱਖ ਦੇ ਵਕੀਲ ਵਿਨੋਦ ਮੌਂਗਾ ਨੇ SIT ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦਿਆ ਕਿਹਾ ਕਿ SIT ਜਾਣ ਬੁਝ ਕੇ ਅਦਾਲਤ ਨੂੰ ਗੁਮਰਾਹ ਕਰ ਕੇ ਅਤੇ ਕਥਿਤ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿਚ ਰੱਖ ਕੇ ਉਨ੍ਹਾਂ ਤੋਂ ਇਕਬਾਲੀਆ ਬਿਆਨ ਦਰਜ ਕਰਵਾਉਣਾ ਚਾਹੁੰਦੀ ਹੈ।
ਮੋਟਰਸਾਈਕਲ ਪਹਿਲਾਂ ਹੀ ਪੁਲਿਸ ਦੇ ਕੋਲ : ਵਕੀਲ ਵਿਨੋਦ ਮੌਂਗਾ
ਉਨ੍ਹਾਂ ਕਿਹਾ ਕਿ SIT ਵਲੋਂ ਅੱਜ ਪੁਲਿਸ ਰਿਮਾਂਡ ਲੈਣ ਲਈ ਜਿਸ ਮੋਟਰਸਾਈਕਲ ਨੂੰ ਬਰਾਮਦ ਕਰਨ ਬਾਰੇ ਕਿਹਾ ਗਿਆ ਉਹ ਮੋਟਰਸਾਈਕਲ ਮੋਗਾ ਜ਼ਿਲ੍ਹੇ ਵਿਚ ਦਰਜ FIR ਨੰਬਰ 33 ਅਤੇ 63 ਦੋਹਾਂ ਕੇਸਾਂ ਵਿਚ ਪਹਿਲਾਂ ਹੀ ਪੁਲਿਸ ਪਾਸ ਹੈ ਜਿਸ ਦੀ ਇਨਕੁਆਰੀ ਵੀ SIT ਮੈਂਬਰ ਦਲਬੀਰ ਸਿੰਘ ਵਲੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ : ਬੇਅਦਬੀ ਮਾਮਲਾ:ਡੇਰਾ ਪ੍ਰੇਮੀਆਂ ਨੇ ਬਦਲੇ ਦੀ ਭਾਵਨਾ ਨਾਲ ਦਿੱਤਾ ਸੀ ਅੰਜ਼ਾਮ:SIT