ਫਰੀਦਕੋਟ: ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਤੋਂ ਵੱਖ ਵੱਖ ਮਾਮਲਿਆ ਵਿੱਚ ਲਗਾਤਾਰ ਪੁੱਛਗਿਛ ਕੀਤੀ ਜਾ ਰਹੀ ਹੈ ਜਿਸ ਤਹਿਤ ਆਏ ਦਿਨ ਕਿਸੇ ਨਾਂ ਕਿਸੇ ਵੱਡੇ ਸਿਆਸੀ ਆਗੂ ਦੀ ਵਿਜੀਲੈਂਸ ਜਾਂਚ ਦੀਆ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਹੁਣ ਵਿਜੀਲੈਂਸ ਵਿਭਾਗ ਫਰੀਦਕੋਟ ਵੱਲੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ ਗਈ। ਕਰੀਬ ਡੇਢ ਘੰਟਾ ਚੱਲੀ ਪੁੱਛਗਿੱਛ ਵਿੱਚ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਆਪਣੇ ਵਕੀਲ ਸਮੇਤ ਪਹੁੰਚੇ ਸਨ।
ਸਾਬਕਾ ਵਿਧਾਇਕ ਦਾ ਸਪੱਸ਼ਟੀ ਕਰਨ: ਕਿੱਕੀ ਢਿੱਲੋਂ ਜਦੋਂ ਵਿਜੀਲੈਂਸ ਦਫਤਰ ਤੋਂ ਬਾਹਰ ਆਏ ਤਾਂ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਵਿਜੀਲੈਂਸ ਵਿਭਾਗ ਵੱਲੋਂ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਸੀ। ਇਸ ਲਈ ਉਹ ਆਪਣੇ ਇਨਕਮ ਟੈਕਸ ਵਕੀਲ ਸਮੇਤ ਵਿਜੀਲੈਂਸ ਦਫਤਰ ਪਹੁੰਚੇ ਸਨ ਅਤੇ ਕਰੀਬ ਡੇਢ ਘੰਟੇ ਤੱਕ ਉਹਨਾਂ ਨੇ ਵਿਜੀਲੈਂਸ ਵਿਭਾਗ ਵੱਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਕਿਹਾ ਕਿ ਵਿਜੀਲੈਂਸ ਵਿਭਾਗ ਨੇ ਦੱਸਿਆ ਸੀ ਕਿ ਉਹਨਾਂ ਖਿਲਾਫ ਕੋਈ ਸ਼ਿਕਾਇਤ ਆਈ ਹੈ, ਪਰ ਇਹ ਨਹੀਂ ਦੱਸਿਆ ਕਿ ਸ਼ਿਕਾਇਤ ਕੀਤੀ ਕਿਸ ਨੇ ਹੈ।
ਸਾਰਾ ਪਰਿਵਾਰ ਭਰਦਾ ਹੈ ਟੈਕਸ: ਢਿੱਲੋਂ ਨੇ ਕਿਹਾ ਕਿ ਉਹਨਾਂ ਦਾ ਸਾਰਾ ਪਰਿਵਾਰ ਆਪਣੀ ਆਮਦਨ ਉੱਤੇ ਟੈਕਸ ਭਰਦਾ ਹੈ ਅਤੇ ਉਹਨਾਂ ਕੋਲ ਆਪਣੀ ਆਮਦਨ ਦਾ ਪੂਰਾ ਹਿਸਾਬ ਹੈ ਇਸ ਲਈ ਉਹਨਾਂ ਨੇ ਵਿਜੀਲੈਂਸ ਵਿਭਾਗ ਨੰ ਕਿਹਾ ਕਿ ਜੋ ਵੀ ਜਾਣਕਾਰੀ ਵਿਜੀਲੈਂਸ ਵਿਭਾਗ ਮੰਗੇਗਾ ਉਹ ਦੇਣ ਲਈ ਤਿਆਰ ਹਨ ਅਤੇ ਵਿਜੀਲੈਂਸ ਵਿਭਾਗ ਵੱਲੋਂ ਜੋ ਜੋ ਜਾਣਕਾਰੀ ਮੰਗੀ ਗਈ ਉਹਨਾਂ ਦੇ ਵਕੀਲ ਨੇ ਨੋਟ ਕਰ ਲਈ ਹੈ ਅਤੇ ਜਲਦ ਹੀ ਵਿਜੀਲੈਂਸ ਵਿਭਾਗ ਨੂੰ ਉਹ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਹਨਾਂ ਨਾਲ ਪੰਜਾਬ ਸਰਕਾਰ ਉੱਤੇ ਤੰਜ ਕਸਦਿਆ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਪਰ ਜਾਂਚ ਸਾਫ ਸੁਥਰੀ ਅਤੇ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ।ਉਹਨਾਂ ਨਾਲ ਹੀ ਕਿਹਾ ਬਾਕੀ ਸਰਕਾਰਾਂ ਦੇ ਕੰਮਾਂ ਦੀ ਜਾਂਚ ਕਰਵਾ ਰਹੀ ਪੰਜਾਬ ਸਰਕਾਰ ਨੂੰ ਆਪਣੀ ਵੀ ਜਾਂਚ ਕਰਵਾਉਣੀ ਚਾਹੀਦੀ ਕਿ ਕੀ ਹੁਣ ਕੁਰੱਪਸ਼ਨ ਬੰਦ ਹੋ ਗਈ ਹੈ ?
ਸਖ਼ਤੀ ਕਰੇ ਵਿਜੀਲੈਂਸ: ਦੂਜੇ ਪਾਸੇ ਫਰੀਦਕੋਟ ਤੋਂ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਕੁਸ਼ਲਦੀਪ ਢਿੱਲੋਂ ਨੂੰ ਕੁਰਸੀ ਉੱਤੇ ਬੈਠਾ ਕੇ ਕੁਝ ਵੀ ਹਾਸਲ ਨਹੀਂ ਕਰ ਸਕਦੀ , ਵਿਜੀਲੈਂਸ ਨੂੰ ਚਾਹੀਦਾ ਹਿਰਾਸਤ ਵਿਚ ਲੈਕੇ ਢਿੱਲੋਂ ਤੋਂ ਪੁਛਗਿੱਛ ਕਰਨ ਤਾਂ ਵੱਡੇ ਸਕੈਮ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਕੁਲਸ਼ਲਦੀਪ ਢਿੱਲੋਂ ਨੇ ਕਾਂਗਰਸ ਸਰਕਾਰ ਵਿੱਚ ਰਹਿੰਦਿਆਂ ਮਹਿਲਾਂ ਵਰਗੇ ਘਰ ਅਤੇ ਮਾਲ ਉਸਾਰੇ ਹਨ ਅਤੇ ਇਸ ਦੀ ਸਖ਼ਤੀ ਨਾਲ ਵਿਜੀਲੈਸ ਨੂੰ ਪੁੱਛਗਿੱਛ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: Vigilance Raid On OP Soni's Hotel : ਅੱਜ ਦੂਜੇ ਦਿਨ ਵੀ ਵਿਜੀਲੈਂਸ ਟੀਮ ਨੇ ਓਪੀ ਸੋਨੀ ਦੇ ਹੋਟਲ 'ਚ ਕੀਤੀ ਰੇਡ
ਜਾਂਚ ਵਿੱਚ ਕੀਤਾ ਸਹਿਯੋਗ: ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਵਿਜੀਲੈਂਸ ਫਰੀਦਕੋਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਖਿਲਾਫ ਇਕ ਸ਼ਿਕਾਇਤ ਮਿਲੀ ਸੀ ਕਿ ਉਹਨਾਂ ਨੇ ਆਪਣੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ। ਇਸੇ ਦੀ ਜਾਂਚ ਲਈ ਵਿਜੀਲੈਂਸ ਵਿਭਾਗ ਨੇ ਅੱਜ ਉਹਨਾਂ ਨੂੰ ਬੁਲਾ ਕੇ ਪ੍ਰੋਫਾਰਮੇ ਦਿੱਤੇ ਹਨ ਜਿੰਨਾਂ ਵਿਚ ਉਹਨਾਂ ਨੇ ਆਪਣੀ ਅਤੇ ਆਪਣੇ ਰਿਸ਼ਤੇਦਾਰਾਂ ਦੀ ਆਮਦਨ ਅਤੇ ਜਾਇਦਾਦ ਦਾ ਵੇਰਵਾ ਭਰ ਕੇ ਦੇਣਾਂ ਹੈ। ਉਹਨਾਂ ਕਿਹਾ ਕਿ ਅੱਜ ਕੁਸ਼ਲਦੀਪ ਸਿੰਘ ਢਿੱਲੋਂ ਦਫਤਰ ਆਏ ਸਨ ਅਤੇ ਉਹਨਾਂ ਨੇ ਪੁਛਗਿੱਛ ਵਿਚ ਸਹਿਯੋਗ ਕੀਤਾ ਹੈ ਅਤੇ ਆਸ ਹੈ ਕਿ ਅੱਗੇ ਵੀ ਸਹਿਯੋਗ ਕਰਨਗੇ।