ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੇ ਇਨਸਾਫ ਲਈ ਬਹਿਬਲਕਲਾਂ ਕਲਾਂ ਵਿਖੇ ਚੱਲ ਰਹੇ ਇਨਸਾਫ ਮੋਰਚੇ ਵਿਚ ਸੰਗਤਾਂ ਵੱਲੋਂ ਦਿੱਤਾ ਗਿਆ ਸਮਾਂ ਪੂਰਾ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇੰਦੇ ਇਨਸਾਫ ਮੋਰਚੇ ਵਿੱਚ ਪਹੁੰਚੇ, ਜਿੰਨਾ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਕੈਬਨਿਟ ਮੰਤਰੀ ਹਰਜੋਤ ਬੈਂਸ, ਹਲਕਾ ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਸਮੇਤ AG ਪੰਜਾਬ ਦਫਤਰ ਦੇ ਵਕੀਲਾਂ ਦੀ ਟੀਮ ਸ਼ਾਮਲ ਸੀ।
ਪੰਜਾਬ ਸਰਕਾਰ ਵਲੋਂ ਆਪਣਾ ਪੱਖ ਰੱਖਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਗਤਾਂ ਤੋਂ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਮੁਕੰਮਲ ਕਰਨ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਉਣ ਲਈ 6 ਮਹੀਨੇ ਦਾ ਹੋਰ ਸਮਾਂ ਮੰਗਿਆ । ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਉਹ ਸਰਕਾਰ ਵੱਲੋਂ ਆਪਣਾ ਪੱਖ ਰੱਖਣ ਲਈ ਆਏ ਹਨ ਅਤੇ ਸੰਗਤਾਂ ਦਾ ਜੋ ਵੀ ਫੈਸਲਾ ਹੋਵੇਗਾ ਉਨ੍ਹਾਂ ਨੂੰ ਖਿੜੇ ਮੱਥੇ ਪ੍ਰਵਾਨ ਹੋਵੇਗਾ।
ਹਰਜੋਤ ਸਿੰਘ ਬੈਂਸ ਅਤੇ ਬਾਕੀ ਨੁਮਾਇੰਦੇ ਮੀਡੀਆ ਨਾਲ ਬਿਨਾਂ ਕੋਈ ਗੱਲਬਾਤ ਕੀਤੇ ਚਲੇ ਗਏ ਅਤੇ ਦੁਬਾਰਾ ਮੁੜ ਕਰੀਬ 1 ਘੰਟੇ ਬਾਅਦ ਸਰਕਾਰ ਦੇ ਸਾਰੇ ਨੁਮਾਇੰਦੇ ਗੱਲਬਾਤ ਲਈ ਇਨਸਾਫ ਮੋਰਚੇ ਵਿੱਚ ਪਹੁੰਚੇ ਪਰ ਸੰਗਤਾਂ ਵੱਲੋਂ ਉਨ੍ਹਾਂ ਨੂੰ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਸਿੱਖ ਸੰਗਤਾਂ ਅਤੇ ਧਰਨੇ ਦੇ ਪ੍ਰਬੰਧਕਾਂ ਵੱਲੋਂ ਐਲਾਨ ਕੀਤਾ ਗਿਆ ਕਿ ਹਾਲੇ ਤੱਕ ਸਰਕਾਰ ਨੂੰ ਕੋਈ ਸਮਾਂ ਨਹੀਂ ਦਿੱਤਾ ਜਾ ਰਿਹਾ।
ਗੱਲਬਾਤ ਕਰਦਿਆਂ ਭਾਈ ਸੁਖਰਾਜ ਸਿੰਘ ਨੇ ਕਿਹਾ ਕਿ ਮੋਰਚੇ ਵੱਲੋਂ ਸਾਰੀਆਂ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ 31 ਜੁਲਾਈ ਨੂੰ ਮੁੜ ਬਹਿਬਲਕਲਾਂ ਇਨਸਾਫ ਮੋਰਚੇ ਵਿੱਚ ਪਹੁੰਚਣ ਅਤੇ ਸਰਕਾਰ ਵਲੋਂ ਮੰਗੇ ਗਏ 6 ਮਹੀਨੇ ਦੇ ਹੋਰ ਸਮੇਂ ਬਾਰੇ ਫੈਸਲਾ ਕਰਨ। ਸੁਖਰਾਜ ਸਿੰਘ ਨੇ ਕਿਹਾ ਕਿ ਮੋਰਚਾ ਸੰਗਤਾਂ ਦਾ ਹੈ ਅਤੇ ਫੈਸਲਾ ਵੀ ਸੰਗਤਾਂ ਨੇ ਕਰਨਾ ਹੈ।
ਇਹ ਵੀ ਪੜ੍ਹੋ: ਨਸ਼ੇ ਦਾ ਕਾਰੋਬਾਰ ਰੋਕਣ 'ਤੇ ਘਰ 'ਚ ਦਾਖਲ ਹੋ ਕੇ ਕੀਤੀ ਬੁਰੀ ਤਰ੍ਹਾਂ ਭੰਨਤੋੜ