ਫਰੀਦਕੋਟ: ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ ਦੇ ਐਲਾਨ ਦੇ ਨਾਲ ਹੀ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਅਮਨ ਸ਼ਾਂਤੀ ਨਾਲ ਚੋਣਾਂ ਨੂੰ ਲੈਕੇ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਵੱਲੋਂ ਸ਼ਹਿਰਾਂ ਅਤੇ ਹੋਰ ਅੱਤ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਫਰੀਦਕੋਟ ਵਿੱਚ ਵੀ ਚੋਣਾਂ ਨੂੰ ਲੈਕੇ ਪ੍ਰਸ਼ਾਸਨ ਕਾਫੀ ਸਰਗਰਮ ਵਿਖਾਈ ਦੇ ਰਿਹਾ ਹੈ।
ਸਬ ਡਵੀਜ਼ਨ ਜੈਤੋ ਵਿਖੇ ਨਵੇਂ ਡੀਐਸਪੀ ਦਵਿੰਦਰ ਸਿੰਘ ਗਿੱਲ ਨੇ ਆਪਣਾ ਆਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁੱਖ ਕੰਮ ਵਿਧਾਨ ਸਭਾ ਹਲਕਾ ਜੈਤੋ ਦੀਆਂ ਚੋਣਾਂ ਦਾ ਕੰਮ ਅਮਨ- ਅਮਾਨ ਅਤੇ ਸ਼ਾਂਤੀ ਨਾਲ ਕਰਵਾਉਂਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਅਸਲਾ ਧਾਰਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿੰਨ੍ਹਾਂ ਲੋਕਾਂ ਵੱਲੋਂ ਅਜੇ ਤੱਕ ਆਪਣਾ ਅਸਲਾ ਜਮ੍ਹਾਂ ਨਹੀਂ ਕਰਵਾਇਆ ਤਾਂ ਉਹ ਤੁਰੰਤ ਜਮਾਂ ਕਰਵਾ ਦੇਣ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 70 ਫੀਸਦ ਲੋਕ ਹਥਿਆਰ ਜ਼ਮਾ ਕਰਵਾ ਚੁੱਕੇ ਹਨ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਸਮਾਜ ਵਿਚ ਸ਼ਾਂਤੀ ਭੰਗ ਕਰਨ ਵਾਲੇ ਮਾੜੇ ਅਨਸਰਾਂ, ਦੜਾ ਸੱਟਾ ਲਗਾਉਣ ਵਾਲਿਆਂ ਅਤੇ ਮੋਬਾਈਲ ਝਪਟਮਾਰਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇ ਕੋਈ ਸੁਝਾਅ ਜਾਂ ਕੋਈ ਗੁਪਤ ਸੂਚਨਾ ਦੇਣਾ ਚਾਹੁੰਦਾ ਹੈ ਤਾਂ ਬਿਨਾਂ ਕਿਸੇ ਝਿਜਕ ਤੋਂ ਦਫ਼ਤਰ ਵਿਖੇ ਸਿੱਧਾ ਆ ਕੇ ਮਿਲ ਸਕਦੇ ਹਨ।
ਇਹ ਵੀ ਪੜ੍ਹੋ:ਪੰਜਾਬ ਚੋਣਾਂ ਨੂੰ ਲੈਕੇ ਕੀ ਹੈ ਜਨਤਾ ਦਾ ਮੂਡ ?