ਫ਼ਰੀਦਕੋਟ: ਪੁਲਿਸ ਲਾਈਨ ਸਥਿਤ ਸਰਕਾਰੀ ਕੁਆਰਟਰਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪੁਲਿਸ ਲਾਈਨ ਦੇ ਬਣੇ ਕੁਆਰਟਰਾਂ ਵਿੱਚ ਅੱਜ ਤੱਕ ਗਲੀਆਂ ਨਾਲੀਆਂ ਨਹੀਂ ਬਣੀਆਂ। ਸਾਲ 2001 ਵਿੱਚ ਬੱਚਿਆਂ ਲਈ ਬਣਨ ਵਾਲੀ ਪਾਰਕ ਦਾ ਜੋ ਨੀਂਹ ਪੱਥਰ ਰੱਖਿਆ ਗਿਆ ਸੀ, ਉਹ ਅੱਜ ਵੀ ਪਾਰਕ ਦੀ ਉਸਾਰੀ ਦੀ ਉਡੀਕ ਕਰ ਰਿਹਾ ਹੈ।
ਕੁਆਰਟਰਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੇ ਦੱਸਿਆ ਕਿ ਉਹ ਬੀਤੇ ਕਈ ਸਾਲਾਂ ਤੋਂ ਕੁਆਰਟਰਾਂ ਵਿੱਚ ਰਹਿ ਰਹੇ ਹਨ ਪਰ ਕੁਆਰਟਰਾਂ ਵਿੱਚ ਬਣਦੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ। ਉਨ੍ਹਾਂ ਦੱਸਿਆ ਕਿ ਕੁਆਰਟਰਾਂ ਅੰਦਰ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ, ਥੋੜਾ ਜਿਹਾ ਮੀਂਹ ਪੈਣ 'ਤੇ ਹੀ ਗੰਦੇ ਨਾਲੇ ਦਾ ਪਾਣੀ ਵੀ ਘਰਾਂ ਅੰਦਰ ਆਉਣ ਲੱਗ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਦੇ ਖੇਡਣ ਵਾਲੇ ਮੈਦਾਨ ਅੰਦਰ ਵੀ ਪਾਣੀ ਭਰਿਆ ਰਹਿੰਦਾ ਹੈ। ਇਸ ਕਾਰਨ ਬੱਚੇ ਜਦੋਂ ਖੇਡਦੇ ਹਨ ਤਾਂ ਹਮੇਸ਼ਾ ਡਰ ਲੱਗਿਆ ਰਹਿੰਦਾ ਹੈ ਕਿ ਬੱਚਿਆਂ ਦੇ ਸੱਟ ਨਾ ਲੱਗ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਮਹਿਕਮਾ ਇਨ੍ਹਾਂ ਸਮੱਸਿਆਵਾਂ ਦਾ ਜਲਦ ਹੱਲ ਕਰੇ। ਇਸ ਸਬੰਧੀ ਐਸਪੀ ਕੁਲਦੀਪ ਸਿੰਘ ਸੋਹੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਪੁਲਿਸ ਲਾਈਨ ਦੇ ਕੁਆਰਟਰਾਂ ਅੰਦਰ ਕੁੱਝ ਸਹੂਲਤਾਂ ਦੀ ਕਮੀ ਹੈ ਅਤੇ ਬਰਸਾਤੀ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਮਹਿਕਮੇ ਪਾਸੋਂ ਮਨਜੂਰੀ ਲੈ ਕੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨਗੇ।