ਫ਼ਰੀਦਕੋਟ: ਪੰਜਾਬੀ ਹਰ ਖਿੱਤੇ ਵਿੱਚ ਪੰਜਾਬ ਸਣੇ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਰੁਸ਼ਨਾ ਚੁੱਕੇ ਹਨ। ਖਾਸ ਕਰਕੇ ਜੇਕਰ ਖੇਡ ਖੇਤਰ ਦੀ ਗੱਲ ਕਰੀਏ, ਤਾਂ ਉਪਲਬਧੀਆਂ ਹਾਸਿਲ ਕਰਨ ਵਿੱਚ ਪੰਜਾਬ ਦੇ ਖਿਡਾਰੀ ਮੋਹਰੀ ਬਣ ਕੇ ਉਭਰੇ ਹਨ। ਉਨ੍ਹਾਂ ਲਈ ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਵੀ ਅੱਗੇ ਆਈਆਂ ਹਨ ਤੇ ਉਨ੍ਹਾਂ ਨੂੰ ਨਕਦੀ ਦੇ ਨਾਲ ਨਾਲ ਵੱਡੇ ਵੱਡੇ ਇਨਾਮ ਅਤੇ ਨੌਕਰੀਆਂ ਵੀ ਮੁਹੱਈਆ ਕਰਵਾਈਆਂ ਹਨ। ਪਰ, ਕਈ ਖਿਡਾਰੀ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰਹੇ ਹਨ। ਉਹ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਵੀ ਕਰਦੇ ਹਨ, ਪਰ ਉਸ ਦੇ ਬਾਵਜੂਦ ਉਨ੍ਹਾਂ ਦੀ ਕਿਸਮਤ ਉਨ੍ਹਾਂ ਦਾ ਸਾਥ ਨਹੀਂ ਦਿੰਦੀ, ਨਾ ਹੀ ਸਮੇਂ ਦੀਆਂ ਸਰਕਾਰਾਂ ਦਾ ਹੱਥ ਉਨ੍ਹਾਂ ਲਈ ਸਹਾਈ ਸਿੱਧ ਹੁੰਦਾ ਹੈ। ਉਹ ਆਖਿਰ ਦਿਹਾੜੀਆਂ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ।
ਕਰੀਬ 12 ਸੂਬਿਆਂ 'ਚ ਚਮਕਾ ਚੁੱਕੈ ਅਪਣਾ ਨਾਮ: ਅਜਿਹੀ ਹੀ ਮਿਸਾਲ ਦੇਖਣ ਨੂੰ ਮਿਲੀ ਹੈ, ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰੱਤੀ ਰੋੜੀ ਦੇ ਇੱਕ 20 ਸਾਲਾਂ ਨੌਜਵਾਨ ਰਾਮ ਕੁਮਾਰ ਨੇ ਕੁਸ਼ਤੀ (ਪਹਿਲਵਾਨੀ) ਖੇਤਰ ਵਿੱਚ 55 ਕਿੱਲੋ ਵਜਨੀ ਵਿੱਚ 12 ਸੂਬਿਆਂ (ਮਹਾਂਰਾਸ਼ਟਰ, ਉੜੀਸਾ, ਅਸਾਮ, ਦਿੱਲੀ, ਬਿਹਾਰ, ਹਰਿਆਣਾ ਸਮੇਤ ਭਾਰਤ ਕਈ ਸੂਬਿਆਂ ਵਿੱਚ ਨੈਸ਼ਨਲ ਪੱਧਰ ਉੱਤੇ ਧੂਮਾਂ ਪਾ ਕੇ ਅੱਧੀ ਦਰਜਨ ਦੇ ਕਰੀਬ ਮੈਡਲ, 40 ਦੇ ਕਰੀਬ ਸਰਟੀਫਿਕੇਟ ਹਾਸਿਲ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰ ਦਿੱਤਾ ਹੈ।
ਦਿਹਾੜੀਆਂ ਕਰਨ ਲਈ ਹੋ ਚੁੱਕਾ ਮਜਬੂਰ: ਇੱਥੇ ਹੀ ਬਸ ਨਹੀਂ, 4 ਸਾਲ ਇਸ ਨੌਜਵਾਨ ਨੇ 55 ਕਿਲੋਂ ਵਜ਼ਨੀ ਪਹਿਲਵਾਨੀ ਵਿੱਚ ਚੈਂਪੀਅਨ ਵੱਜੋਂ ਅਹਿਮ ਭੂਮਿਕਾ ਨਿਭਾਈ ਹੈ, ਪਰ ਇਸ ਦੇ ਬਾਵਜੂਦ ਇਸ ਨੌਜਵਾਨ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਤੇ ਉਹ ਹੁਣ ਆਖਿਰ ਦਿਹਾੜੀਆਂ ਕਰਨ ਲਈ ਮਜਬੂਰ ਹੋ ਗਿਆ। ਹੁਣ ਉਹ ਖੇਤਾਂ ਵਿੱਚ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਦੇ ਨਾਲ ਨਾਲ ਬੀਏ ਦੀ ਪੜਾਈ ਵੀ ਕਰ ਰਿਹਾ ਹੈ।
ਨਹੀਂ ਮਿਲ ਰਹੀ ਬਣਦੀ ਖੁਰਾਕ: ਪਹਿਲਵਾਨੀ ਲਈ ਬਣਦੀ ਖੁਰਾਕ ਨਾ ਹਾਸਿਲ ਹੋਣ ਕਰਕੇ ਰਾਮ ਕੁਮਾਰ ਦੀਆਂ ਆਸਾਂ ਉੱਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਇਸ ਨੌਜਵਾਨ ਦਾ ਪਰਿਵਾਰ ਬੇਹੱਦ ਗਰੀਬ ਹੈ। ਘਰ ਦੇ ਹਾਲਾਤ ਬਹੁਤ ਮਾੜੇ ਹਨ। ਨੌਜਵਾਨ ਦੇ ਮਾਤਾ ਪਿਤਾ ਸਬਜ਼ੀ ਦਾ ਕਾਰੋਬਾਰ ਕਰਕੇ ਟਾਈਮ ਪਾਸ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ, ਕਿ ਜੇਕਰ ਸਰਕਾਰ ਉਨ੍ਹਾਂ ਦੇ ਬੱਚੇ ਦੀ ਬਾਂਹ ਫੜੇ ਤਾਂ ਉਨ੍ਹਾਂ ਦਾ ਬੱਚਾ ਹੁਣ ਵੀ ਪਹਿਲਵਾਨੀ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰ ਸਕਦਾ ਹੈ ਜਿਸ ਲਈ ਉਨਾਂ ਨੂੰ ਆਪਣੇ ਬੱਚੇ ਉੱਤੇ ਪੂਰਾ ਵਿਸ਼ਵਾਸ ਹੈ।
ਖਿਡਾਰੀ ਤੇ ਮਾਂਪਿਉ ਵਲੋਂ ਮਾਨ ਸਰਕਾਰ ਕੋਲੋਂ ਮੰਗ: ਟੀਮ ਨਾਲ ਗੱਲਬਾਤ ਕਰਦੇ ਹੋਏ ਕੁਸ਼ਤੀ ਦੇ ਨੈਸ਼ਨਲ ਖਿਡਾਰੀ ਰਾਮ ਕੁਮਾਰ ਨੇ ਦੱਸਿਆ ਕਿ ਉਹ ਕੁਸ਼ਤੀ ਦਾ ਖਿਡਾਰੀ ਹੈ। ਮਹਾਂਰਾਸ਼ਟਰ, ਉੜੀਸਾ, ਅਸਾਮ, ਦਿੱਲੀ,ਬਿਹਾਰ, ਹਰਿਆਣਾ ਸਮੇਤ ਭਾਰਤ ਦੇ ਕਈ ਸੂਬਿਆਂ ਵਿੱਚ ਨੈਸ਼ਨਲ ਖੇਡ ਕੇ 5 ਮੈਡਲ ਜਿੱਤ ਚੁੱਕਾ ਹੈ। 4/5 ਸਾਲ ਤੱਕ ਪੰਜਾਬ ਦਾ ਚੈਂਪੀਅਨ ਰਹਿ ਚੁੱਕਾ ਹੈ, ਪਰ ਹੁਣ ਘਰ ਦੇ ਹਾਲਾਤ ਨਾਜ਼ੁਕ ਹੋਣ ਕਰਕੇ ਬਣਦੀ ਖੁਰਾਕ ਨਾ ਮਿਲਣ ਕਰਕੇ, ਉਹ ਦਿਹਾੜੀ ਕਰਨ ਲਈ ਮਜ਼ਬੂਰ ਹੈ। ਉਹ ਚਾਹੁੰਦਾ ਹੈ ਕਿ ਜੇਕਰ ਸਰਕਾਰ ਉਸ ਦੀ ਮਦਦ ਕਰੇ, ਤਾਂ ਉਹ ਬਹੁਤ ਵੱਡੀ ਪੱਧਰ ਉੱਤੇ ਪੰਜਾਬ, ਭਾਰਤ ਦਾ ਨਾਮ ਰੋਸ਼ਨ ਕਰ ਸਕਦਾ ਹੈ।
ਇਸ ਮੌਕੇ ਰਾਮ ਕੁਮਾਰ ਦੇ ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਬੱਚਾ ਬਹੁਤ ਮਿਹਨਤੀ ਹੈ। ਛੋਟੇ ਹੁੰਦੇ ਉਹ ਇਹ ਮਿਹਨਤ ਕਰਨ ਲਗ ਪਿਆ ਸੀ। ਉਨ੍ਹਾਂ ਨੇ ਉਸ ਦੀ ਪੂਰੀ ਮਦਦ ਕੀਤੀ, ਜੋ ਖੁਰਾਕ ਹੈ ਲਿਆ ਕੇ ਦਿੱਤੀ। ਇਸੇ ਕਰਕੇ ਉਨ੍ਹਾਂ ਦਾ ਬੱਚਾ ਨੈਸ਼ਨਲ ਤਕ ਪਹੁੰਚ ਗਿਆ, ਪਰ ਉਹ ਬੇਹੱਦ ਗਰੀਬ ਹੋਣ ਕਰਕੇ ਬੱਚੇ ਨੂੰ ਬਣਦੀ ਖੁਰਾਕ ਨਹੀਂ ਦੇ ਪਾ ਰਹੇ। ਰਾਮ ਦੇ ਮਾਤਾ-ਪਿਤਾ ਨੇ ਕਿਹਾ ਕਿ ਜੇਕਰ ਸਰਕਾਰ ਬੱਚੇ ਦੀ ਮਦਦ ਕਰੇ, ਤਾਂ ਉਨ੍ਹਾਂ ਦਾ ਬੱਚਾ ਪੂਰੀ ਦੁਨੀਆਂ ਵਿੱਚ ਪੰਜਾਬ ਤੇ ਭਾਰਤ ਦਾ ਨਾਮ ਚਮਕਾ ਸਕਦਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਰਾਮ ਕੁਮਾਰ ਹੁਣ ਵੀ ਅਖਾੜੇ ਦਾ ਆਦੀ ਹੈ, ਲਗਾਤਾਰ ਕਸਰਤ ਕਰਦਾ ਹੈ, ਪਰ ਦਿਹਾੜੀ ਕਰਨ ਲਈ ਮਜ਼ਬੂਰ ਹੈ। ਉਨ੍ਹਾਂ ਕਿਹਾ ਕਿ ਸਾਡੀ ਭਗਵੰਤ ਮਾਨ ਸਰਕਾਰ ਅੱਗੇ ਗੁਹਾਰ ਹੈ ਕਿ ਉਹ ਜ਼ਰੂਰ ਬੱਚੇ ਵਲ ਧਿਆਨ ਦੇਣ।