ਫ਼ਰੀਦਕੋਟ : ਪਿੰਡ ਕਿਲ੍ਹਾ ਨੌ ਵਿਖੇ ਪਿੰਡ ਵਾਸੀਆਂ ਅਤੇ ਇਥੋਂ ਦੇ ਤਰਕਸ਼ੀਲ ਆਗੂ ਲਖਵਿੰਦਰ ਸਿੰਘ ਹਾਲੀ ਨੇ ਲੋੜਵੰਦਾਂ ਲਈ ਮੋਦੀਖਾਨਾ ਖੋਲ੍ਹਿਆ ਹੈ। ਇਥੇ ਲੋੜਵੰਦ ਲੋਕ ਸਸਤੇ ਰੇਟ 'ਤੇ ਰਾਸ਼ਨ ਅਤੇ ਘਰੇਲੂ ਜ਼ਰੂਰਤ ਦਾ ਹੋਰ ਸਮਾਨ ਖ਼ਰੀਦ ਸਕਦੇ ਹਨ।
ਇਸ ਬਾਰੇ ਦੱਸਦੇ ਹੋਏ ਲਖਵਿੰਦਰ ਸਿੰਘ ਹਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਂਅ 'ਤੇ ਗੁਰਵਿੰਦਰ ਸੇਵਾ ਸੁਸਾਇਟੀ ਬਣਾਈ ਹੈ। ਇਹ ਸੁਸਾਇਟੀ ਨਾ ਆਮਦਨ, ਨਾ ਘਾਟਾ ਦੀ ਤਰਜ ਉੱਤੇ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਮੋਦੀਖਾਨੇ 'ਚ ਘਰੇਲੂ ਵਸਤੂਆਂ, ਰਾਸ਼ਨ ਆਦਿ ਉਪਲੱਬਧ ਹੈ। 5 ਕਿੱਲਿਆਂ ਤੋਂ ਘੱਟ ਮਾਲਕੀ ਵਾਲੇ ਕਿਸਾਨ, ਮਜ਼ਦੂਰ ਤੇ ਹੋਰ ਲੋੜਵੰਦ ਇਥੇ ਆ ਕੇ ਸਸਤੇ ਰੇਟ 'ਤੇ ਸਮਾਨ ਖ਼ਰੀਦ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਫ਼ਿਲਹਾਲ ਇਸ ਵਿੱਚ ਹਰ ਮਹੀਨੇ ਇੱਕ ਹਜ਼ਾਰ ਰੁਪਏ ਦਾ ਰਾਸ਼ਨ ਉਨਾਂ ਲੋਕਾਂ ਨੂੰ ਦਿੱਤਾ ਜਾਵੇਗਾ, ਜਿਹੜੇ ਉਨ੍ਹਾਂ ਕੋਲ ਰਜਿਸ੍ਰਟੇਸ਼ਨ ਕਰਵਾ ਲੈਣਗੇ ਤੇ ਰਜਿਸਟ੍ਰੇਸ਼ਨ ਲਈ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਮੋਦੀਖਾਨਾ ਲੋਕਾਂ ਦੀ ਮਦਦ ਕਰਨ ਲਈ ਖੋਲ੍ਹਿਆ ਗਿਆ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਹਾਲੀ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਇਸ ਨਾਲ ਗ਼ਰੀਬ ਲੋਕਾਂ ਦੀ ਮਦਦ ਹੋ ਸਕੇਗੀ ਤੇ ਉਹ ਲੋੜੀਆਂ ਘਰੇਲੂ ਸਮਾਨ ਅਸਾਨੀ ਨਾਲ ਖ਼ਰੀਦ ਸਕਣਗੇ। ਸਰਪੰਚ ਨੇ ਆਖਿਆ ਕਿ ਅਜਿਹੇ ਮੋਦੀਖਾਨੇ ਹਰ ਇੱਕ ਪਿੰਡ 'ਚ ਖੁੱਲ੍ਹਣੇ ਚਾਹੀਦੇ ਹਨ। ਇਸ ਨਾਲ ਆਮ ਲੋਕਾਂ ਨੂੰ ਫਾਇਦਾ ਮਿਲੇਗਾ।