ਫ਼ਰੀਦਕੋਟ :ਪਿਛਲੇ ਦਿਨੀ ਮਨਰੇਗਾ ਦੇ ਕੰਮਾਂ ਵਿੱਚ ਹੋਏ ਘਪਲੇ ਸਬੰਧਤ ਜਾਂਚ ਦੌਰਾਨ ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਮਨਰੇਗਾ ਸਕੀਮ ਤਹਿਤ ਹੋਏ ਵਿਕਾਸ ਕਾਰਜਾਂ ਵਿੱਚ ਹੋ ਰਹੇ ਕਰੋੜਾਂ ਦੇ ਘਪਲੇ ਦੀ ਸ਼ੰਕਾ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਇਸ ਦੀ ਜਾਂਚ ਨਿਰਪੱਖ ਰੂਪ ਵਿਚ ਕਰਵਾਉਣ ਲਈ ਆਵਾਜ਼ ਚੁੱਕੀ ਸੀ ਅਤੇ ਹੁਣ ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵਲੋਂ ਮਨਰੇਗਾ ਕੰਮਾਂ ਵਿੱਚ 2.59 ਕਰੋੜ ਰੁਪਏ ਦੇ ਹੋਏ ਘਪਲੇ ਵਿੱਚ ਪੰਜ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਇਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ।
ਇਸ ਕਾਰਵਾਈ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਸਿਰਫ਼ ਖਾਨਾਪੂਰਤੀ ਕਰਾਰ ਦਿੱਤਾ ਜਾ ਰਿਹਾ ਹੈ ਅਤੇ ਇਸ ਘਪਲੇ ਵਿੱਚ ਅਸਲ ਦੋਸ਼ੀਆਂ ਨੂੰ ਬਚਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਅੱਜ ਫ਼ਰੀਦਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ MLA ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਇਕ ਪ੍ਰੈਸ ਕਾਨਫ਼ਰੰਸ ਕਰ ਮੰਗ ਕੀਤੀ ਹੈ ਕਿ ਇਹ ਸਿਰਫ 2.59 ਕਰੋੜ ਦਾ ਘਪਲਾ ਨਹੀ ਜੇ ਇਸਦੀ ਜਾਂਚ ਕੇਂਦਰ ਦੀ ਕਿਸੇ ਜਾਂਚ ਏਜੰਸੀ ਤੋਂ ਕਰਵਾਈ ਜਾਵੇ ਤਾਂ ਕਈ ਕਰੋੜਾਂ ਦਾ ਘਪਲਾ ਸਾਹਮਣੇ ਆਵੇਗਾ।
ਉਨ੍ਹਾਂ ਨੇ ਕਿਹਾ ਕਿ ਜੋ ਕਰਵਾਈ ਦੇ ਆਦੇਸ਼ ਪੰਚਾਇਤ ਮੰਤਰੀ ਪੰਜਾਬ ਵਲੋਂ ਦਿੱਤੇ ਗਏ ਹਨ ਉਹ ਕੱਚੇ ਮੁਲਾਜ਼ਮਾਂ ਦੇ ਖਿਲਾਫ਼ ਹਨ ਅਤੇ ਇਸ ਕਾਰਵਾਈ ਦੌਰਾਨ ਕਿਸੇ ਗੱਲ ਦਾ ਜਿਕਰ ਨਹੀ ਕੀਤਾ ਗਿਆ ਕਿ ਇਨ੍ਹਾਂ ਨੂੰ ਰੱਖਣ ਵਾਲੀ ਏਜੰਸੀ ਦੇ ਖਿਲਾਫ਼ ਕੀ ਕਾਰਵਾਈ ਹੋਵੇਗੀ।
ਇਹ ਵੀ ਪੜੋ:ਭੋਪਾਲ ਗੈਸ ਦੁਖਾਂਤ: ਇਨਸਾਫ਼ ਦਾ ਨਾਅਰਾ ਚੁੱਕਣ ਵਾਲੇ ਅਬਦੁੱਲ ਜੱਬਰ ਦਾ ਹੋਇਆ ਦੇਹਾਂਤ
ਇਨ੍ਹਾਂ ਕੰਮਾਂ ਲਈ ਜਿਸ ਪੋਰਟਲ ਤਹਿਤ ਪੇਮੇਂਟ ਰਿਲੀਜ਼ ਹੁੰਦੀ ਹੈ ਜਿਸਨੂੰ BDPO ਅਤੇ ADC ਵਿਕਾਸ ਦੁਆਰਾ ਆਪਰੇਟ ਕੀਤਾ ਜਾਂਦਾ ਹੈ ਉਨ੍ਹਾਂ ਦੇ ਖਿਲਾਫ਼ ਕਾਰਵਾਈ ਦੇ ਆਦੇਸ਼ ਕਿਉਂ ਨਹੀ ਕੀਤੇ ਗਏ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਮਨਰੇਗਾ ਸਕੀਮ ਤਹਿਤ ਚੱਲ ਰਹੇ ਕੰਮਾਂ ਦੀ ਕੇਂਦਰ ਦੀ ਜਾਂਚ ਏਜੰਸੀ ਤੋਂ ਜਾਂਚ ਕਰਵਾ ਅਸਲ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰੇ ਨਹੀ ਤਾਂ ਉਹ ਇਸ ਮਾਮਲੇ ਵਿੱਚ ਹਾਈਕੋਰਟ ਦਾ ਰੁਖ਼ ਕਰਨਗੇ।