ਫਰੀਦਕੋਟ: ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਿਸ ਦੇ ਚੱਲਦੇ ਵੀਸੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਮਾਮਲਾ ਕਾਫੀ ਭਖ ਗਿਆ ਜਿਸ ਦੇ ਚੱਲਦੇ ਹੁਣ ਸਿਹਤ ਮੰਤਰੀ ਤੋਂ ਮੁਆਫੀ ਅਤੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਸਾਡੇ ਪੱਤਰਕਾਰ ਵੱਲੋਂ ਫਰੀਦਕੋਟ ਦੇ ਹਸਪਤਾਲ ਵਿਖੇ ਪਹੁੰਚੇ ਜਿੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਵਾਰਡ ਦੇ ਗੱਦੇ ’ਤੇ ਵੀਸੀ ਨੂੰ ਲਿਟਾਇਆ ਗਿਆ ਸੀ ਉਸ ਵਾਰਡ ਦੇ ਗੱਦੇ ਬੀਤੇ ਕਰੀਬ 15 ਸਾਲ ਤੋਂ ਬਦਲੇ ਨਹੀਂ ਗਏ ਹਨ। ਕਰੀਬ 30 ਬੈੱਡ ਵਾਲੇ ਇਸ ਵਾਰਡ ਨੂੰ ਸਾਲ 2018 ਚ ਸਿਰਫ 10 ਗੱਦੇ ਮਿਲੇ ਸੀ। ਲਿਖਤ ਚ ਮੰਗ ਕਰਨ ਤੋਂ ਬਾਅਦ ਵੀ ਨਵੇਂ ਗੱਦੇ ਨਹੀਂ ਮਿਲੇ ਸੀ।
ਦੱਸ ਦਈਏ ਕਿ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਉਸ ਵਾਰਡ ਦਾ ਹਾਲ ਜਾਣਿਆ ਗਿਆ ਜਿੱਥੇ ਬੀਤੇ ਦਿਨ ਦੌਰੇ ਦੌਰਾਨ ਸਿਹਤ ਮੰਤਰੀ ਚੇਤਨ ਜੌੜਾਮਾਜਰਾ ਵਲੋਂ ਇਕ ਗੰਦੇ ਗੱਦੇ ’ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲਿਟਾਇਆ ਗਿਆ ਸੀ ਤਾਂ ਪਤਾ ਲੱਗਾ ਕਿ ਉਸ ਥਾਂ ’ਤੇ ਗੱਦੇ ਜਿਉਂ ਤੇ ਤਿਉਂ ਹੀ ਵਿੱਛੇ ਹੋਏ ਸੀ। ਉਨ੍ਹਾਂ ਨੂੰ ਬਦਲਿਆ ਨਹੀਂ ਗਿਆ ਸੀ।
ਵਾਰਡ ’ਚ ਮੌਜੂਦ ਵਾਰਡ ਦੀ ਇੰਚਾਰਜ ਨਰਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਹੈਰਾਨੀਜਨਕ ਖੁਲਾਸਾ ਕਰਦਿਆਂ ਕਿਹਾ ਕਿ ਉਹ ਪਿਛਲੇ 15 ਸਾਲ ਤੋਂ ਇੱਥੇ ਨੌਕਰੀ ਕਰ ਰਹੇ ਹਨ ਪਰ ਅੱਜ ਤੱਕ ਇੱਥੇ ਗੱਦੇ ਨਹੀਂ ਬਦਲੇ ਗਏ। ਉਹਨਾਂ ਦੱਸਿਆ ਕਿ ਇਸ ਵਾਰਡ ਵਿਚ 30 ਬੈੱਡ ਹਨ ਪਰ ਸਾਲ 2018 ਵਿਚ ਉਹਨਾਂ ਨੂੰ ਸਿਰਫ 10 ਗੱਦੇ ਹੀ ਨਵੇਂ ਮਿਲੇ ਸਨ। ਉਸ ਤੋਂ ਬਾਅਦ ਲਿਖਤ ਤੌਰ ’ਤੇ ਮੰਗ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਕਦੀ ਨਵੇਂ ਗੱਦੇ ਨਹੀਂ ਮਿਲੇ।
ਇਹ ਵੀ ਪੜੋ: ਅਸਤੀਫੇ ਤੋਂ ਬਾਅਦ ਰਾਜਾ ਵੜਿੰਗ ਨੂੰ ਮਿਲ ਭਾਵੁਕ ਹੋਏ ਡਾ. ਰਾਜ ਬਹਾਦਰ