ਫ਼ਰੀਦਕੋਟ: ਕੇਂਦਰੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ 26 ਤੇ 27 ਨਵੰਬਰ ਦੇ ਦਿੱਲੀ ਘਿਰਾਓ ਦੇ ਸੱਦੇ ਉੱਤੇ ਅੱਜ ਫ਼ਰੀਦਕੋਟ ਤੋਂ ਬੀਕੇਯੂ ਰਾਜੇਵਾਲ ਕਿਰਤੀ ਕਿਸਾਨ ਯੂਨੀਅਨ ਅਤੇ ਬੀਕੇਯੂ ਕਾਦੀਆਂ ਸਮੇਤ ਕਈ ਕਿਸਾਨ ਜਥੇਬੰਦੀਆਂ ਦਿੱਲੀ ਲਈ ਰਵਾਨਾ ਹੋਈਆਂ। ਦਿੱਲੀ ਘਿਰਾਓ ਲਈ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਅਤੇ ਕਰੀਬ ਛੇ ਮਹੀਨੇ ਦਾ ਰਾਸ਼ਨ ਨਾਲ ਲਿਆ।
ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਜੇਕਰ ਦਿੱਲੀ ਨਹੀਂ ਜਾਣ ਦਿੱਤਾ ਗਿਆ ਤਾਂ ਉਹ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਦੇ ਹੋਏ ਉਸੇ ਥਾਂ ਉੱਤੇ ਬੈਠ ਜਾਣਗੇ ਜਿੱਥੇ ਉਨ੍ਹਾਂ ਨੂੰ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਉਹ ਹਰ ਹਾਲਤ ਵਿੱਚ ਜਿੱਤ ਕੇ ਵਾਪਸ ਪਰਤਣਗੇ।
ਉਨ੍ਹਾਂ ਕਿਹਾ ਕਿ ਰੋਕਾਂ ਕਿਸਾਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ ਕਿਸਾਨ ਕਿਸੇ ਵੀ ਰੋਕ ਨੂੰ ਪਾਰ ਕਰ ਕੇ ਦਿੱਲੀ ਪਹੁੰਚ ਸਕਦੇ ਹਨ ਪਰ ਇਹ ਕਿਸਾਨ ਆਗੂਆਂ ਦੀਆਂ ਸੂਝ-ਬੂਝ ਅਤੇ ਸਿਆਣਪ ਹੈ ਕਿ ਉਹ ਹਮਲਾਵਰ ਰੁਖ ਅਖ਼ਤਿਆਰ ਨਹੀਂ ਕਰਨਗੇ ਅਤੇ ਸ਼ਾਂਤਮਈ ਰਹਿ ਕੇ ਹੀ ਆਪਣਾ ਸੰਘਰਸ਼ ਜਿੱਤਣਗੇ।