ਫ਼ਰੀਦਕੋਟ: ਲੰਘੇ ਦਿਨ ਨਾਭਾ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਜੇਲ੍ਹ 'ਚ ਹੀ ਕਤਲ ਕਰਨ ਦੇ ਮਾਮਲੇ 'ਚ ਹੁਣ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਮਹਿੰਦਰਪਾਲ ਬਿੱਟੂ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਡੇਰਾ ਸਮਰਥਕਾਂ ਨਾਲ ਗੱਲਬਾਤ ਕਰਨ ਲਈ ਕੋਟਕਪੂਰਾ ਦੇ ਡੇਰਾ ਸੱਚਾ ਸੌਦਾ ਵਿਚ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਪੁੱਜੇ ਅਤੇ ਮ੍ਰਿਤਕ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਅਤੇ ਡੇਰੇ ਦੇ ਸਮਰਥਕਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਹ ਮੀਟਿੰਗ ਲਗਭਗ ਇੱਕ ਘੰਟਾ ਚੱਲੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਡੇਰਾ ਸਮਰਥਕ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ।
ਨਾਭਾ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਦੇ ਸਮਰਥਕ ਮਹਿੰਦਰਪਾਲ ਬਿੱਟੂ ਦਾ ਕੱਲ੍ਹ ਜੇਲ੍ਹ ਅੰਦਰ ਹੀ 2 ਵਿਅਕਤੀਆਂ ਵਲੋਂ ਹਮਲਾ ਕਰ ਕੇ ਕਤਲ ਕਰ ਦਿਤਾ ਗਿਆ ਸੀ ਜਿਸ ਦੀ ਮ੍ਰਿਤਕ ਦੇਹ ਐਤਵਾਰ ਸਵੇਰੇ ਲਗਭਗ 6:45 ਵਜੇ ਡੇਰਾ ਸੱਚਾ ਸੌਦਾ ਕੋਟਕਪੂਰਾ ਪਹੁੰਚ ਗਈ ਸੀ ਅਤੇ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਡੇਰਾ ਸਮਰਥਕ ਇਥੇ ਪਹੁੰਚ ਰਹੇ ਸਨ।
ਇਸ ਮੌਕੇ ਡੇਰਾ ਸਿਰਸਾ ਦੀ ਪੰਜਾਬ ਦੀ 45 ਮੈਂਬਰੀ ਕਮੇਟੀ ਨੇ ਸੰਗਤਾਂ ਨਾਲ ਗੱਲਬਾਤ ਕਰਰਦਿਆਂ ਐਲਾਨ ਕੀਤਾ ਕਿ ਮਹਿੰਦਰਪਾਲ ਬਿੱਟੂ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਡੇਰਾ ਸਮਰਥਕਾਂ 'ਤੇ ਦਰਜ ਮੁਕਾਦਮੇ ਰੱਦ ਨਹੀਂ ਕੀਤੇ ਜਾਂਦੇ।
ਇਸ ਮੌਕੇ ਗੱਲਬਾਤ ਕਰਦਿਆਂ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਮਹਿੰਦਰਪਾਲ ਬਿੱਟੂ ਦਾ ਕਤਲ ਇਕ ਸਾਜਿਸ਼ ਤਹਿਤ ਕੀਤਾ ਗਿਆ ਹੈ ਅਤੇ ਇਸ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਨਾਲ ਜੁੜੇ ਲੋਕਾਂ ਦਾ ਪਤਾ ਚੱਲ ਸਕੇ। ਉਨ੍ਹਾਂ ਕਿਹਾ ਕਿ ਜਦ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਮਹਿੰਦਰਪਾਲ ਬਿੱਟੂ ਦਾ ਅੰਤਿਮ ਸਸਕਾਰ ਨਹੀਂ ਕਰਨਗੇ ਅਤੇ ਕੋਟਕਪੂਰਾ ਦੇ ਡੇਰੇ 'ਚ ਬੈਠ ਕੇ ਹੀ ਆਪਣਾ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖਣਗੇ।