ਫ਼ਰੀਦਕੋਟ: ਜ਼ਹਿਰੀਲੀ ਸ਼ਰਾਬ ਮਾਮਲੇ 'ਚ ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਕਾਂਗਰਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ ਹਨ। ਗਹਿਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿਰਫ਼ ਕਾਂਗਰਸ ਪਾਰਟੀ ਦੇ ਹੀ ਮੁੱਖ ਮੰਤਰੀ ਹਨ ਜੇ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਤਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਜਿਹੜੇ ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਉਹ ਨਾ ਹੁੰਦੀਆਂ।
ਗਹਿਰੀ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਨ੍ਹਾਂ ਦੀ ਪਤਨੀ ਤੇ ਸਾਂਸਦ ਮੈਂਬਰ ਪਰਨੀਤ ਕੌਰ ਦੇ ਆਪਣੇ ਹਲਕੇ 'ਚ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਹਨ। ਮੁੱਖ ਮੰਤਰੀ ਨੇ ਉਨ੍ਹਾਂ ਫੈਕਟਰੀਆਂ ਤੇ ਉਨ੍ਹਾਂ ਦੇ ਮਾਲਕਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ।
ਕੈਪਟਨ ਅਮਰਿੰਦਰ ਨੂੰ ਸਹੁੰ ਚੁਕਣ ਵੇਲੇ ਦਾ ਸਮਾਂ ਯਾਦ ਕਰਵਾਉਂਦਿਆਂ ਕਿਰਨਜੀਤ ਸਿੰਘ ਨੇ ਕਿਹਾ ਕਿ ਉਸ ਵੇਲੇ ਕੈਪਟਨ ਅਮਰਿੰਦਰ ਨੇ ਗੁਟਕਾ ਸਾਹਿਬ ਨੂੰ ਹੱਥ 'ਚ ਫੜ੍ਹ ਕੇ ਇਹ ਕਿਹਾ ਸੀ ਕਿ ਉਹ ਪੰਜਾਬ ਅੰਦਰੋਂ ਨਸ਼ੇ ਦਾ ਖ਼ਾਤਮਾ ਕਰ ਦੇਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਨਸ਼ਾ ਤਾਂ ਕਿ ਖ਼ਤਮ ਕਰਨਾ ਸੀ, ਜਦੋਂ ਦੀ ਉਨ੍ਹਾਂ ਦੀ ਸਰਕਾਰ ਆਈ ਹੈ ਲੋਕਾਂ ਨਸ਼ੇ ਕਾਰਨ ਜ਼ਿਆਦਾ ਮਰਨ ਲੱਗ ਗਏ ਹਨ।
ਖੁਫ਼ੀਆ ਤੰਤਰ 'ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਖੁਫ਼ੀਆ ਵਿਭਾਗ ਦੇ ਨੱਕ ਹੇਠਾਂ ਜ਼ਹਿਰੀਲੀ ਸ਼ਰਾਬ ਬਣਾਉਣ ਦਾ ਕੰਮ ਹੁੰਦਾ ਰਿਹਾ ਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ, ਅਜਿਹਾ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕਾਂਗਰਸ ਪਾਰਟੀਆਂ ਦੀ ਮਿਲੀ ਭੁਗਤ ਦਾ ਨਤੀਜਾ ਹੈ।
ਸਰਕਾਰ ਵੱਲੋਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਪੀੜਤ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਵਾਲੀ ਗੱਲ 'ਤੇ ਗਹਿਰੀ ਨੇ ਕਿਹਾ ਕਿ ਜਿਹੜੇ ਪਹਿਲਾ ਹੀ ਸਰਕਾਰੀ ਮੁਲਾਜ਼ਮ ਹਨ ਉਨ੍ਹਾਂ ਦੀਆਂ ਤਨਖ਼ਾਹਾ 'ਚ ਕਟੌਤੀ ਕਰ ਰਹੇ ਹਨ, ਉਨ੍ਹਾਂ ਨੂੰ ਦਿੱਤੇ ਜਾ ਰਹੇ ਭੱਤੇ ਵੀ ਖ਼ਤਮ ਕਰ ਦਿੱਤੇ ਗਏ ਹਨ ਅਜਿਹੇ 'ਚ ਉਹ ਹੋਰ ਸਰਕਾਰੀ ਨੌਕਰੀਆਂ ਦੇਣੇ ਦਾ ਐਲਾਨ ਕਰ ਰਹੇ ਹਨ। ਕਿਰਨਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਖ਼ੁਦ ਦੇ ਆਗੂ ਉਨ੍ਹਾਂ 'ਤੇ ਸਵਾਲ ਚੁੱਕ ਰਹੇ ਹਨ ਤਾਂ ਅਜਿਹੇ 'ਚ ਮੁੱਖ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।