ਫਰੀਦਕੋਟ: ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐੱਸ.ਆਈ.ਟੀ. ਫਰੀਦਕੋਟ ਦੀ ਅਦਾਲਤ ਵਿੱਚ ਪਹੁੰਚ ਗਈ ਹੈ। ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਗਈ ਹੈ ਅਤੇ ਇਸ ਚਾਰਜਸ਼ੀਟ ਵਿੱਚ ਐੱਸਆਈਟੀ ਨੇ ਵੱਡੇ ਨਾਵਾਂ ਨੂੰ ਸ਼ਾਮਿਲ ਕਰਕੇ ਤਹਿਲਕਾ ਮਚਾ ਦਿੱਤਾ ਹੈ। ਦੱਸ ਦਈਏ ਇਸ ਚਾਰਜ ਸ਼ੀਟ ਅੰਦਰ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਂਅ ਸ਼ਾਮਿਲ ਹੈ। ਇਸ ਤੋਂ ਇਲਾਵਾ ਇਸ ਚਾਰਜਸ਼ੀਟ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ, ਤਤਕਾਲੀ ਆਈ ਜੀ ਪੀ ਪਰਮਰਾਜ ਉਮਰਾਨੰਗਲ,ਰਿਟਾਇਰ ਡੀਆਈਜੀ ਅਮਰ ਸਿੰਘ ਚਾਹਲ, ਤਤਕਾਲੀ ਐੱਸਐਸਪੀ ਚਰਨਜੀਤ ਸ਼ਰਮਾ ਉਸ ਵੇਲੇ ਦੇ ਐੱਸਐੱਸਪੀ ਐੱਸ ਐੱਸ ਮਾਨ ਤੋਂ ਇਲਾਵਾ ਤਤਕਾਲੀ ਐੱਸਐੱਚਓ ਗੁਰਦੀਪ ਸਿੰਘ ਦਾ ਨਾਂਅ ਸ਼ਾਮਿਲ ਹੈ।
ਮੁਲਜ਼ਮਾਂ ਦਾ ਰੋਲ ਨਹੀਂ ਸਪੱਸ਼ਟ: 7000 ਪੇਜ਼ਾਂ ਵਾਲੀ ਇਸ ਮਹਾ ਚਾਰਜਸ਼ੀਟ ਨੂੰ 17 ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਚਾਰਜਸ਼ੀਟ 'ਚ ਕਈ ਵੱਡੇ ਖੁਲਾਸੇ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਐੱਸਆਈਟੀ ਮੁਖੀ ਏਡੀਜੀਪੀ ਐੱਲ ਕੇ ਯਾਦਵ ਅਤੇ ਐੱਸਐੱਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਾਲੀ ਸਪੈਸ਼ਲ ਜਾਂਚ ਟੀਮ ਨੇ ਫਰੀਦਕੋਟ ਅਦਾਲਤ 'ਚ ਇਸ ਚਲਾਨ ਨੂੰ ਪੇਸ਼ ਕੀਤਾ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਚਾਰਜਸ਼ੀਟ ਵਿੱਚ 8 ਜਣਿਆਂ ਦਾ ਨਾਂਅ ਦਰਜ ਤਾਂ ਕੀਤਾ ਗਿਆ ਹੈ ਪਰ ਫਿਲਹਾਲ ਇਹ ਸਾਫ਼ ਨਹੀਂ ਹੋਇਆ ਕਿ ਬੇਅਦਬੀ ਅਤੇ ਗੋਲੀਕਾਂਡ ਵਿੱਚ ਕਿਸ ਸ਼ਖ਼ਸ ਨੇ ਕੀ ਭੂਮਿਕਾ ਨਿਭਾਈ ਸੀ।
ਕੀ ਹੈ ਕੋਟਕਪੂਰਾ ਗੋਲੀਕਾਂਡ: ਸਾਲ 2015 ਵਿੱਚ ਫਰੀਦਕੋਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿੱਲਰੇ ਅੰਗ ਮਿਲੇ ਸਨ ਇਸ ਦਾ ਪਤਾ ਲੱਗਦਿਆਂ ਹੀ ਸਿੱਖ ਕੌਮ ਵਿੱਚ ਰੋਹ ਫੈਲ ਗਿਆ। ਇਸ ਦੇ ਵਿਰੋਧ ਵਿੱਚ ਉਹ ਕੋਟਕਪੂਰਾ ਵਿੱਚ ਇਕੱਠੇ ਹੋ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਇਸ ਤੋਂ ਬਾਅਦ ਪੁਲਿਸ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਉਠਾਉਣ ਲਈ ਪ੍ਰਦਰਸ਼ਨਕਾਰੀਆਂ ਉੱਤੇ ਫਾਇਰਿੰਗ ਕਰ ਦਿੱਤੀ। ਜਿਸ ਵਿੱਚ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ ਅਤੇ ਇਸ ਦੌਰਾਨ ਲਗਭਗ 100 ਦੇ ਕਰੀਬ ਪ੍ਰਦਰਸ਼ਨਕਾਰੀ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਵਿੱਚ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ 'ਚ ਪੁਲਿਸ ਅਤੇ ਤਤਕਾਲੀ ਅਕਾਲੀ ਸਰਕਾਰ ਉੱਤੇ ਸਵਾਲ ਉੱਠੇ ਅਤੇ ਮਾਮਲੇ ਵਿੱਚ ਸੁਖਬੀਰ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ।
ਬਾਦਲਾਂ ਨੇ ਝਾੜਿਆ ਸੀ ਪੱਲਾ: ਮਾਮਲੇ ਨੂੰ ਲੈਕੇ ਜਦੋਂ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਖੁੱਦ ਨੂੰ ਮਾਮਲੇ ਤੋਂ ਅਣਜਾਣ ਦੱਸਿਆ ਅਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਅਤੇ ਜਦੋਂ ਇਸ ਸਬੰਧੀ ਤਤਕਾਲੀ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਤੋਂ ਪੁੱਛਗਿੱਛ ਹੋਈ ਤਾਂ ਉਨ੍ਹਾਂ ਨੇ ਵੀ ਪੱਲਾ ਝਾੜਦਿਆਂ ਕਿਹਾ ਕਿ ਉਹ ਇਸ ਕਾਂਢ ਸਮੇਂ ਪੰਜਾਬ ਵਿੱਚ ਮੌਜੂਦ ਹੀ ਨਹੀਂ ਸਨ ਅਤੇ ਉਨ੍ਹਾਂ ਨੂੰ ਫਸਾਉਣ ਲਈ ਵਿਰੋਧੀ ਕੋਝੀ ਸਿਆਸਤ ਕਰ ਰਹੇ ਹਨ। ਇਸ ਤੋਂ ਇਲਾਵਾ ਤਤਕਾਲੀ ਪੁਲਿਸ ਅਫ਼ਸਰਾਂ ਉੱਤੇ ਸਮਾਂ ਬੀਤਣ ਦੇ ਨਾਲ ਕੁੱਝ ਕਾਰਵਾਈਆਂ ਤਾਂ ਹੋਈਆਂ ਪਰ ਬਾਦਲ ਪਰਿਵਾਰ ਅਤੇ ਵੱਡੇ ਅਫ਼ਸਰ ਹਮੇਸ਼ਾ ਬਚਦੇ ਰਹੇ।
ਪਹਿਲਾਂ ਐੱਸਆਈਟੀ ਦੀ ਜਾਂਚ ਰਿਪੋਰਟ ਹੋ ਚੁੱਕੀ ਹੈ ਰੱਦ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਭੜਕੀ ਭੀੜ ’ਤੇ ਕੋਟਕਪੂਰਾ ਵਿਚ ਹੋਈ ਪੁਲਸ ਫਾਇਰਿੰਗ ਤੋਂ ਬਾਅਦ ਗਠਿਤ ਐੱਸਆਈਟੀ ਨੇ ਜਾਂਚ ਕੀਤੀ ਸੀ, ਜਿਸ ਦੇ ਆਧਾਰ ’ਤੇ ਸਾਬਕਾ ਪੁਲਸ ਪ੍ਰਮੁੱਖ ਅਤੇ ਆਈਜੀ ਪਰਮਰਾਜ ਉਮਰਾਨੰਗਲ ਨੂੰ ਮਾਮਲੇ ਵਿਚ ਸਹਿ ਮੁਲਜ਼ਮ ਬਣਾਇਆ ਗਿਆ ਸੀ। ਐੱਸਆਈਟੀ ਦੀ ਜਾਂਚ ਰਿਪੋਰਟ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 9 ਅਪ੍ਰੈਲ ਨੂੰ ਖਾਰਿਜ ਕਰ ਦਿੱਤਾ। ਹਾਈਕੋਰਟ ਨੇ ਨਵੇਂ ਸਿਰੇ ਤੋਂ ਐੱਸਆਈਟੀ ਬਣਾਉਣ ਅਤੇ ਮੁੜ ਜਾਂਚ ਦੇ ਹੁਕਮ ਜਾਰੀ ਕੀਤੇ ਸਨ। ਨਾਲ ਹੀ ਕਿਹਾ ਸੀ ਕਿ ਐੱਸਆਈਟੀ ਦੇ ਪ੍ਰਮੁੱਖ ਰਹੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਨਵੀਂ ਐੱਸਆਈਟੀ ਵਿਚ ਸ਼ਾਮਲ ਨਾ ਕੀਤਾ ਜਾਵੇ, ਜਿਨ੍ਹਾ ’ਤੇ ਪਟੀਸ਼ਨਰ ਨੇ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰਨ ਅਤੇ ਉਨ੍ਹਾਂ ਨੂੰ ਜ਼ਬਰਨ ਇਸ ਮਾਮਲੇ ਵਿਚ ਮੁਲਜ਼ਮ ਬਣਾਏ ਜਾਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ: Supreme Court: ਪਟਨਾ ਹਾਈ ਕੋਰਟ ਦੇ 7 ਜੱਜਾਂ ਦਾ GPF ਬੰਦ, SC ਨੇ ਕੇਂਦਰ ਅਤੇ ਬਿਹਾਰ ਸਰਕਾਰ ਨੂੰ ਭੇਜਿਆ ਨੋਟਿਸ