ਫ਼ਰੀਦਕੋਟ: ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਸ਼ੁਕਰਵਾਰ ਨੂੰ ਜ਼ਿਲ੍ਹਾ ਅਤੇ ਸ਼ੈਸ਼ਨ ਅਦਾਲਤ, ਫ਼ਰੀਦਕੋਟ ਵਿਖੇ ਪੇਸ਼ੀ ਹੋਈ ਜਿਸ ਵਿਚ ਸਾਰੇ ਹੀ ਨਾਮਜ਼ਦ ਪੇਸ਼ ਹੋਏ। ਅੱਜ ਮਾਨਯੋਗ ਅਦਾਲਤ ਵਿੱਚ ਨਾਮਜ਼ਦਾਂ ਵਿਰੁੱਧ ਦੋਸ਼ ਤੈਅ ਕਰਨ ਨੂੰ ਲੈ ਕੇ ਬਹਿਸ ਹੋਣੀ ਸੀ ਪਰ ਇਸ ਨੂੰ ਅੱਜ ਟਾਲ ਦਿੱਤਾ ਗਿਆ ਹੈ।
ਅਦਾਲਤ ਨੇ ਹੋਣ ਵਾਲੀ ਬਹਿਸ ਨੂੰ ਟਾਲ ਦਿੱਤਾ ਕਿਉਂਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਅੱਜ ਮਾਨਯੋਗ ਅਦਾਲਤ ਵਿਚ ਨਾਮਜ਼ਦਾਂ ਵਿਰੁੱਧ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ ਜਿਸ ਕਾਰਨ ਇਸ 'ਤੇ ਹੋਣ ਵਾਲੀ ਬਹਿਸ ਟਲ ਗਈ ਹੈ। ਮਾਨਯੋਗ ਅਦਾਲਤ ਹੁਣ ਇਸ ਮਾਮਲੇ 'ਤੇ 13 ਦਸੰਬਰ 2019 ਨੂੰ ਸੁਣਵਾਈ ਕਰੇਗੀ।
ਦੱਸ ਦਈਏ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਅੱਜ ਨਾਮਜ਼ਦਾਂ ਦੀ ਜ਼ਿਲ੍ਹਾ ਅਤੇ ਸ਼ੈਸ਼ਨ ਕੋਰਟ ਫ਼ਰੀਦਕੋਟ ਵਿੱਚ ਪੇਸ਼ੀ ਹੋਈ। ਇਸ ਦੌਰਾਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਐਸਪੀ ਬਲਜੀਤ ਸਿੰਘ ਸਿੱਧੂ, ਏਡੀਸੀਪੀ ਪਰਮਜੀਤ ਸਿੰਘ ਪੰਨੂੰ, ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਅਤੇ ਕੋਟਕਪੂਰਾ ਦੇ ਸਾਬਕਾ ਐਮਐਲਏ ਮਨਤਾਰ ਸਿੰਘ ਬਰਾੜ ਉੱਤੇ ਦੋਸ਼ ਤੈਅ ਕਰਨ ਨੂੰ ਲੈ ਕੇ ਬਹਿਸ ਹੋਣੀ ਸੀ। ਇਸ ਨੂੰ ਹਾਲਾਂਕਿ ਟਾਲ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਅਜੀਤ ਸਿੰਘ ਨਾਮੀਂ ਵਿਅਕਤੀ ਦੇ ਬਿਆਨਾਂ ਦੇ ਆਧਰ 'ਤੇ ਅਕਤੂਬਰ 2018 ਵਿੱਚ ਥਾਣਾ ਸਿਟੀ ਕੋਟਕਪੂਰਾ ਵਿੱਚ ਪੁਲਿਸ ਵਿਰੁੱਧ ਐਫ਼ਆਈਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਬੀਤੇ ਕੁਝ ਸਮਾਂ ਪਹਿਲਾਂ ਸਭ ਤੋਂ ਪਹਿਲਾਂ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਤੋਂ ਬਾਅਦ ਇਸ ਮਾਮਲੇ ਵਿੱਚ ਕੋਟਕਪੂਰਾ ਦੇ ਉਸ ਸਮੇਂ ਦੇ ਡੀਐਸਪੀ ਬਲਜੀਤ ਸਿੰਘ ਸਿੱਧੂ, ਉਸ ਸਮੇਂ ਦੇ ਥਾਣਾ ਸਿਟੀ, ਕੋਟਕਪੂਰਾ ਦੇ ਮੁੱਖ ਅਫ਼ਸਰ ਗੁਰਦੀਪ ਸਿੰਘ ਪੰਧੇਰ, ਧਰਨੇ ਦੌਰਾਨ ਡਿਉਟੀ 'ਤੇ ਮੌਜੂਦ ਏਡੀਸੀਪੀ ਪਰਮਜੀਤ ਸਿੰਘ ਪੰਨੂ, ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਕੋਟਕਪੂਰਾ ਦੇ ਉਸ ਸਮੇਂ ਦੇ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਸਾਰੇ ਨਾਮਜ਼ਦਾਂ ਨੇ ਮਾਨਯੋਗ ਅਦਾਲਤ ਤੋਂ ਜ਼ਮਾਨਤ ਲੈ ਲਈ ਸੀ ਅਤੇ SIT ਵਲੋਂ ਸਾਰਿਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਵੀ ਕੀਤੀ ਗਈ ਸੀ।
ਹੁਣ ਪੂਰਾ ਮਾਮਲਾ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਅਦਾਲਤ ਫ਼ਰੀਦਕੋਟ ਵਿੱਚ ਚੱਲ ਰਿਹਾ ਹੈ ਅਤੇ ਅੱਜ ਉਕਤ ਸਾਰੇ ਨਾਮਜ਼ਦਾਂ ਵਿਰੁੱਧ ਦੋਸ਼ ਤੈਅ ਕਰਨ ਨੂੰ ਲੈ ਕੇ ਦੋਹਾਂ ਪੱਖਾਂ ਦੇ ਵਕੀਲਾਂ ਵਿਚਕਾਰ ਬਹਿਸ ਹੋਣੀ ਸੀ, ਜੋ ਕਿ ਅੱਜ ਟਲ ਗਈ। ਹੁਣ ਅਗਲੀ ਪੇਸ਼ੀ 13 ਦਸੰਬਰ ਨੂੰ ਹੋਵੇਗੀ। ਜੇਕਰ ਸਾਰੇ ਨਾਮਜ਼ਦਾਂ ਵਿਰੁੱਧ ਦੋਸ਼ ਤੈਅ ਹੋ ਜਾਂਦੇ ਤਾਂ ਫਿਰ ਮਾਨਯੋਗ ਅਦਾਲਤ ਵਿੱਚ ਟਰਾਇਲ ਚੱਲੇਗਾ।
ਇਹ ਵੀ ਪੜ੍ਹੋ: ਕਬੱਡੀ 'ਚ ਗੈਂਗਸਟਰਾਂ ਦੀ ਐਂਟਰੀ ਨੂੰ ਲੈ ਕੇ ਫੈੱਡਰੇਸ਼ਨ ਨੇ ਡੀਜੀਪੀ ਲਿਖਿਆ ਖੱਤ