ਫਰੀਦਕੋਟ: ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਵਾਲੇ ਹਰਿਆਣਾ ਦੇ ਕਾਰੋਬਾਰੀ ਰਾਮ ਸਿੰਘ ਰਾਣਾ ਗੋਲਡਨ ਹੱਟ ਹੋਟਲ ਦੇ ਮਾਲਕ ਦੇ ਹੱਕ ਵਿੱਚ ਦੇਸ਼ ਦਾ ਹਰ ਵਿਅਕਤੀ ਉਤਰ ਗਿਆ ਹੈ। ਹਰਿਆਣਾ ਸਰਕਾਰ ਵੱਲੋਂ ਰਸਤਾ ਬੰਦ ਕਰਨ ਦੇ ਮਾਮਲੇ ਵਿੱਚ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲਾ ਨੇ ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਘੇਰਿਆ ।
ਉਨ੍ਹਾਂ ਕਿਹਾ, ਕਿ ਜੇਕਰ ਸਰਕਾਰ ਨੇ ਜਲਦ ਰਾਮ ਸਿੰਘ ਰਾਣੇ ਦੀ ਗੋਲਡਨ ਹੱਟ ਨੂੰ ਜਾਂਦਾ ਰਸਤਾ ਨਾ ਖੋਲ੍ਹਿਆ, ਤਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਡਾ ਐਕਸ਼ਨ ਹੋਏਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, ਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਲ-ਨਾਲ ਦੇਸ਼ ਦਾ ਹਰ ਨਾਗਰਿਕ ਰਾਮ ਸਿੰਘ ਰਾਣੇ ਦੇ ਨਾਲ ਹੈ, ਜੋ ਕਿਸਾਨ ਸੰਘਰਸ਼ ਦਾ ਹਮਾਇਤੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ, ਕਿ ਸਰਕਾਰ ਜਾਣਬੁੱਝ ਕੇ ਕਿਸਾਨ ਸੰਘਰਸ਼ ਦੇ ਹਮਾਇਤੀਆਂ ਨੂੰ ਡਰਾ ਧਮਕਾ ਕੇ ਕਿਸਾਨਾਂ ਦੀ ਮਦਦ ਕਰਨ ਤੋਂ ਰੋਕਣ ਲਈ ਇਹੋ ਜਿਹੇ ਹੱਥਕੰਡੇ ਅਪਣਾ ਰਹੀ ਹੈ।
ਉਨ੍ਹਾਂ ਨੇ ਕਿਹਾ, ਕਿ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ, ਕਿ ਜੋ ਵੀ ਕਿਸਾਨ ਹਿਤੈਸ਼ੀ ਪੰਜਾਬੀ ਜਦੋਂ ਵੀ ਦਿੱਲੀ ਆਵੇ ਜਾਂ ਪੰਜਾਬ ਨੂੰ ਜਾਵੇ ਤਾਂ ਗੋਲਡਨ ਹੱਟ ‘ਤੇ ਜ਼ਰੂਰ ਰੁਕੇ ਅਤੇ ਚਾਹ ਪਾਣੀ ਪੀਵੇ। ਇਸ ਨਾਲ ਜਿੱਥੇ ਕਿਸਾਨਾਂ ਦੀ ਮੱਦਦ ਕਰਨ ਵਾਲੇ ਰਾਮ ਸਿੰਘ ਰਾਣਾ ਦੀ ਮਦਦ ਹੋਵੇਗੀ, ਉੱਥੇ ਸਰਕਾਰ ਨੂੰ ਵੀ ਮੂੰਹ ਦੀ ਖਾਣੀ ਪਵੇਗੀ।
ਇਹ ਵੀ ਪੜ੍ਹੋ:LIVE : ਚੰਡੀਗੜ੍ਹ ਤੋਂ ਕਿਸਾਨ ਅੰਦੋਲਨ ਲਾਈਵ