ਫਰੀਦਕੋਟ : ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਪੂਰੀ ਦੁਨੀਆ ਵਿਚ ਮਨਾਇਆ ਜਾ ਰਿਹਾ ਹੈ। ਇਸ ਦਿਨ ਦਾ ਮੁੱਖ ਮਹੱਤਵ ਹੈ ਕਿ ਅੰਤਰ ਰਾਸ਼ਟਰੀ ਮਜ਼ਦੂਰ ਦਿਵਸ ਪੂਰੀ ਦੁਨੀਆ ਵਿੱਚ ਮਜ਼ਦੂਰ ਲੋਕਾਂ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ। ਮਈ ਦਿਵਸ ਦੇ ਨਾਮ ਨਾਲ ਮਸ਼ਹੂਰ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1886 ਵਿਚ ਸ਼ਿਕਾਗੋ ਵਿਚ ਹੋਈ ਸੀ। ਕੰਮ ਲਈ ਨਿਰਧਾਰਤ ਸਮੇਂ ਦੀ ਮੰਗ ਕਾਰਨ ਮਜ਼ਦੂਰਾਂ ਨੇ ਇਕ ਵੱਡਾ ਅੰਦੋਲਨ ਚਲਾਇਆ ਸੀ ਅਤੇ ਇਸੇ ਤੋਂ ਮਜ਼ਦੂਰ ਦਿਵਸ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ। ਇਸ ਤਰ੍ਹਾਂ ਅਧਿਕਾਰਕ ਤੌਰ ਉਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ 1 ਮਈ 1886 ਨੂੰ ਹੋਈ। ਮਜ਼ਦੂਰਾਂ ਨੇ ਮਿਲ ਕੇ ਇਕ ਯੂਨੀਅਨ ਬਣਾਈ ਅਤੇ ਤੈਅ ਕੀਤਾ ਕਿ ਉਹ 8 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਨਗੇ।
ਮੰਗਾਂ ਪੂਰੀਆਂ ਕਰਵਾਉਣ ਲਈ ਮਜ਼ਦੂਰਾਂ ਨੇ ਅੰਦੋਲਨ ਸ਼ੁਰੂ ਕੀਤਾ। ਇਸ ਅੰਦੋਲਨ ਦੇ ਸਿਲਸਿਲੇ ਵਿੱਚ ਮਜ਼ਦੂਰ ਹਾਲੇ ਹੜਤਾਲ ਕਰਨ ਦੀ ਸੋਚ ਰਹੇ ਸਨ ਕਿ ਸ਼ਿਕਾਗੋ ਵਿੱਚ ਉਨ੍ਹਾਂ ਦੇ ਧਰਨਾ ਸਥਲ ਨੇੜੇ ਬੰਬ ਧਮਾਕਾ ਹੋਇਆ, ਜਿਸ ਮਗਰੋਂ ਉੱਥੇ ਹਫ਼ੜਾ-ਦਫੜੀ ਮਚ ਗਈ ਅਤੇ ਪੁਲਿਸ ਨੇ ਗੋਲਾਬਾਰੀ ਕਰ ਦਿੱਤੀ। ਗੋਲਾਬਾਰੀ ਕਾਰਨ ਕਈ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਘਟਨਾ ਵਿਚ 100 ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ। ਇਸ ਮਗਰੋਂ 1889 ਵਿਚ ਅੰਤਰਰਾਸ਼ਟਰੀ ਸਮਾਜਵਾਦੀ ਸੰਮੇਲਨ ਵਿਚ ਗੋਲੀਕਾਡ ਵਿਚ ਮਾਰੇ ਗਏ ਬੇਕਸੂਰ ਮਜ਼ਦੂਰਾਂ ਦੀ ਯਾਦ ਵਿੱਚ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਏ ਜਾਣ ਦਾ ਐਲਾਨ ਕੀਤਾ ਗਿਆ। ਨਾਲ ਹੀ ਕਿਹਾ ਗਿਆ ਇਸ ਦਿਨ ਸਾਰੇ ਮਜ਼ਦੂਰਾਂ ਨੂੰ ਛੁੱਟੀ ਹੋਵੇਗੀ।
ਫਰੀਦਕੋਟ ਵਿੱਚ ਮਜ਼ਦੂਰ ਸਰਕਾਰ ਤੋਂ ਖਫ਼ਾ : ਭਾਵੇਂ ਕਿ 80 ਦੇ ਕਰੀਬ ਦੇਸ਼ਾਂ ਵਿੱਚ ਇਹ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ, ਉਸਦੇ ਚੱਲਦਿਆਂ ਹੀ ਅੱਜ ਫ਼ਰੀਦਕੋਟ ਵਿੱਚ ਵੀ ਲੇਬਰ ਡੇਅ ਮਨਾਇਆ ਗਿਆ। ਇਸ ਦੌਰਾਨ ਮਜ਼ਦੂਰਾਂ ਨੇ ਝੰਡਾ ਲਹਿਰਾਇਆ ਅਤੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਮੌਕੇ ਮਜ਼ਦੂਰ ਸਰਕਾਰ ਤੋਂ ਖ਼ਫ਼ਾ ਦਿਖਾਈ ਦਿੱਤੇ ਅਤੇ ਸਰਕਾਰਾਂ ਖ਼ਿਲਾਫ਼ ਜ਼ੋਰਦਾਰ ਨਾਰਾਜ਼ਗੀ ਜ਼ਾਹਿਰ ਕੀਤੀ।
ਇਹ ਵੀ ਪੜ੍ਹੋ : CM Hording Stolen: ਜਨਮਦਿਨ ਤੋਂ ਤਿੰਨ ਦਿਨ ਪਹਿਲਾਂ ਸੀਐਮ ਗਹਿਲੋਤ ਦਾ ਹੋਰਡਿੰਗ ਚੋਰੀ !
ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਮਿਲਦੇ ਹਨ, ਪਰ ਸਾਨੂੰ ਕਿਉਂ ਨਹੀਂ : ਪੰਜਾਬ ਨਿਰਮਾਣ ਯੂਨੀਅਨ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਨੇ ਜਿੱਥੇ ਅੱਜ ਦੇ ਦਿਨ ਦੀ ਸੰਖੇਪ ਜਾਣਕਾਰੀ ਦਿੱਤੀ ਉੱਥੇ ਹਿ ਉਹ ਸਰਕਾਰ ਖਿਲਾਫ ਨਾਰਾਜ਼ਗੀ ਵੀ ਜ਼ਾਹਿਰ ਕਰਦੇ ਹੋਏ ਬੋਲੇ ਕਿ ਸਰਕਾਰਾਂ ਸਾਡੇ ਵਲ ਧਿਆਨ ਨਾ ਦੇਕੇ ਸਾਨੂੰ ਅੱਖੋ ਪਰੋਖੇ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਬਣਦੇ ਹੱਕ ਮਿਲਣ। ਸਾਡਾ ਵੀ ਪਰਿਵਾਰ ਹੈ, ਜੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਮਿਲਦੇ ਹਨ, ਸਾਨੂੰ ਵੀ ਸਾਡੇ ਹੱਕ ਮਿਲਣੇ ਚਾਹੀਦੇ ਹਨ। ਇਸ ਮੌਕੇ ਮਜ਼ਦੂਰ ਕਾਲਾ ਸਿੰਘ ਨੇ ਕਿਹਾ ਕਿ ਸਾਡੇ ਕੋਲ ਕਈ ਵਾਰੀ ਚਾਹ ਪੀਣ ਲਈ ਵੀ ਪੈਸੇ ਨਹੀਂ ਹੁੰਦੇ। ਸਾਡੀਆਂ ਜੇਬ੍ਹਾਂ ਹੁਣ ਵੀ ਖਾਲੀ ਹਨ। ਸਾਡੇ ਕੋਲ ਖਾਨ ਲਈ ਰੁੱਖੀਆਂ ਰੋਟੀਆਂ ਨੇ ਸਬਜ਼ੀ ਵੀ ਕਿਸੇ ਕੋਲ ਨਹੀਂ ਹੈ। 4/4 ਦਿਨ ਕੰਮ ਨਹੀਂ ਮਿਲਦਾ, ਘਰਾਂ ਨੂੰ ਖਾਲੀ ਹੱਥ ਵਾਪਿਸ ਮੁੜਨਾ ਪੈਂਦਾ ਹੈ। ਸਰਕਾਰਾਂ ਸਾਡੇ ਵੱਲ ਧਿਆਨ ਦੇਣ ਤਾਂ ਠੀਕ ਹੈ ਨਹੀਂ ਤਾਂ ਸਾਡੇ ਹਾਲਾਤ ਬੁਹਤ ਮਾੜੇ ਹੋ ਜਾਣਗੇ।