ਫ਼ਰੀਦਕੋਟ: ਕੇਂਦਰੀ ਆਰਡੀਨੈਂਸਾਂ ਵਿਰੁੱਧ ਰੇਲ ਰੋੋਕ ਅੰਦਲਨ ਦੇ 16ਵੇਂ ਦਿਨ ਵੀ ਫ਼ਰੀਦਕੋਟ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਜਿੱਥੇ ਸੂਬਾ ਕਮੇਟੀ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ, ਉਥੇ ਹੀ ਕਿਸਾਨਾਂ ਨੇ ਪੰਜਾਬ ਅੰਦਰ ਬੀਜੇਪੀ ਆਗੂਆਂ ਦੇ ਘਿਰਾਉ ਦੀ ਚੇਤਾਵਨੀ ਵੀ ਦਿੱਤੀ।
ਕਿਸਾਨ ਆਗੂ ਬਿੰਦਰ ਸਿੰਘ ਅਤੇ ਸੂਰਜ ਭਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੀਤੇ ਦਿਨੀ ਕਿਸਾਨਾਂ ਨੂੰ ਗੱਲਬਾਤ ਲਈ ਦਿੱਲੀ ਬੁਲਾ ਕੇ ਕਿਸਾਨਾਂ ਦਾ ਹੀ ਅਪਮਾਨ ਨਹੀਂ ਕੀਤਾ ਸਗੋਂ ਪੂਰੇ ਸੂਬੇ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਇਸ ਲਈ 17 ਅਕਤੂਬਰ ਨੂੰ ਪੂਰੇ ਪੰਜਾਬ ਅੰਦਰ ਪਿੰਡ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਕਿਸਾਨਾਂ ਵੱਲੋਂ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਦੀ ਅਗਲੀ ਰੂਪ ਰੇਖਾ 18 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਦੀ ਹੋਣ ਵਾਲੀ ਮੀਟਿੰਗ ਵਿੱਚ ਉਲੀਕੀ ਜਾਵੇਗੀ। ਰਵਨੀਤ ਬਿੱਟੂ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਉਪਰ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਣ ਬਾਰੇ ਉਨ੍ਹਾਂ ਨੇ ਕਿਹਾ ਕਿ ਇਸਤੋਂ ਸਾਫ਼ ਹੋ ਗਿਆ ਕਿ ਕਾਂਗਰਸ ਅਤੇ ਭਾਜਪਾ ਮਿਲ ਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਚਾਲਾਂ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅਜਿਹੀਆ ਚਾਲਾਂ ਤੋਂ ਸੁਚੇਤ ਹਨ ਅਤੇ ਕਿਸਾਨਾਂ ਦਾ ਰੋਸ ਸ਼ਾਂਤਮਈ ਹੀ ਰਹੇਗਾ।
ਬਾਰ ਐਸੋਸੀਏਸ਼ਨ ਨੇ ਕਿਸਾਨ ਸੰਘਰਸ਼ ਨੂੰ ਦਿੱਤਾ ਸਮਰਥਨ
ਉਧਰ, ਕਿਸਾਨ ਸੰਘਰਸ਼ ਨੂੰ ਸ਼ੁੱਕਰਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵੀ ਸਾਥ ਦੇਣ ਦਾ ਐਲਾਨ ਕੀਤਾ। ਐਸੋਸੀਏਸ਼ਨ ਦੇ ਮੈਂਬਰ ਵਕੀਲ ਕੁਲਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਵਕੀਲਾਂ ਨੇ ਐਲਾਨ ਕੀਤਾ ਕਿ ਬਾਰ ਐਸੋਸੀਏਸ਼ਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਹੈ। ਵਕੀਲਾਂ ਵੱਲੋਂ ਕਿਸਾਨਾਂ ਦਾ ਸਾਥ ਦੇਣ 'ਤੇ ਕਿਸਾਨ ਆਗੂ ਬਿੰਦਰ ਸਿੰਘ ਗੋਲੇਵਾਲਾ ਨੇ ਕਿਸਾਨਾਂ ਵੱਲੋਂ ਸਮੂਹ ਬਾਰ ਐਸੋਸੀਏਸ਼ਨ ਦਾ ਧੰਨਵਾਦ ਕੀਤਾ।