ਫ਼ਰੀਦਕੋਟ: ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਸੁਰੂ ਕਰਦੇ ਹੋਏ, 3 ਤੋਂ 6 ਸਾਲ ਦੇ ਬੱਚਿਆ ਦਾ ਦਾਖਲਾ ਕਰਨ ਦਾ ਫੈਸਲਾ ਪੰਜਾਬ ਦੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਿਆ ਗਿਆ ਸੀ ਜਿਸ ਦਾ ਵਿਰੋਧ ਉਦੋਂ ਤੋਂ ਹੀ ਪੰਜਾਬ ਦੇ ਆਂਗਣਵਾੜੀ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ ਇਸੇ ਮਸਲੇ ਨੂੰ ਲੈ ਕੇ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਵੱਲੋਂ ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਦੇ ਝੰਡੇ ਹੇਠ ਕੌਮੀਂ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਫ਼ਰੀਦਕੋਟ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਖਿਲਾਫ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ ਭਰ ਦੇ ਆਂਗਣਵਾੜੀ ਵਰਕਰਾਂ ਨੇ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ।
ਆਪ ਸਰਕਾਰ ਨਾਲ ਨਾਰਾਜ਼ਗੀ: ਇਸ ਮੌਕੇ ਗੱਲਬਾਤ ਕਰਦਿਆਂ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਨੀਵਾਰ ਨੂੰ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਫ਼ਰੀਦਕੋਟ ਸਥਿਤ ਰਿਹਾਇਸ਼ ਦੇ ਬਾਹਰ ਇਹ ਧਰਨਾ ਦਿੱਤਾ ਜਾਣਾ ਸੀ, ਪਰ ਅਫਸੋਸ ਦੀ ਗੱਲ ਹੇ ਕਿ ਧਰਨਿਆਂ-ਮੁਜ਼ਾਹਾਰਿਆਂ ਵਿਚੋਂ ਨਿਕਲੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਉਨ੍ਹਾਂ ਦਾ ਰੋਸ ਜ਼ਾਹਿਰ ਕਰਨ ਦਾ ਹੱਕ ਵੀ ਸਰਕਾਰ ਨੇ ਖੋਹ ਲਿਆ ਹੈ। ਉਨ੍ਹਾਂ ਦੱਸਿਆ ਕਿ ਦੇਰ ਰਾਤ ਉਨ੍ਹਾਂ ਦਾ ਕੈਬਨਿਟ ਮੰਤਰੀ ਦੀ ਰਿਹਾਇਸ਼ ਬਾਹਰ ਲਗਾਇਆ ਗਿਆ ਟੈਂਟ ਪੁਲਿਸ ਨੇ ਪੱਟ ਦਿੱਤਾ। ਇਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਇੱਥੇ ਧਰਨਾ ਦਿੱਤਾ ਜਾ ਰਿਹਾ।
ਇਹ ਹਨ ਮੁੱਖ ਮੰਗਾਂ: ਹਰਗੋਬਿੰਦ ਕੌਰ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਹਨ ਕਿ ਆਮ ਆਦਮੀਂ ਪਾਰਟੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਅੰਦਰ ਆਪ ਦੀ ਸਰਕਾਰ ਬਣਨ ਉੱਤੇ ਆਂਗਣਵਾੜੀ ਵਰਕਰਾਂ ਦਾ ਮਾਣ-ਭੱਤਾ ਦੁੱਗਣਾ ਕੀਤਾ ਜਾਵੇਗਾ, ਪਰ ਸਰਕਾਰ ਨੇ ਡੇਢ ਸਾਲ ਵਿੱਚ ਸਿਰਫ਼ ਦੋ ਵਾਰ ਹੀ ਮਾਣ ਭੱਤਾ ਜਾਰੀ ਕੀਤਾ ਹੈ। ਹੁਣ ਪਿਛਲੇ 10 ਮਹੀਨਿਆਂ ਤੋਂ ਆਂਗਣਵਾੜੀ ਵਰਕਰਾਂ ਨੂੰ ਮਾਣ ਭੱਤਾ ਜਾਰੀ, ਤਾਂ ਕੀ ਕਰਨਾ ਸੀ, ਉਲਟਾ ਆਂਗਣਵਾੜੀ ਵਰਕਰਾਂ ਤੋਂ ਬੱਚਿਆਂ ਨੂੰ ਵੰਡਿਆ ਜਾਣ ਵਾਲਾ ਰਾਸ਼ਨ ਵੀ ਖੋਹ ਕੇ ਸਿੱਧਾ ਸਕੂਲਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਦੀ ਜਗ੍ਹਾ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰ ਕੇ, ਉਧਰ ਸ਼ਿਫਟ ਕਰ ਦਿੱਤਾ। ਇਸ ਕਾਰਨ ਸੂਬੇ ਦੀਆਂ ਹਜਾਰਾਂ ਆਂਗਣਵਾੜੀ ਵਰਕਰਾਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ।
ਪ੍ਰਦਰਸ਼ਨਕਾਰੀ ਔਰਤ ਨੇ ਕਿਹਾ ਕਿ ਇਹ ਧਰਨਾ ਇਸੇ ਸਰਕਾਰ ਖਿਲਾਫ ਦਿੱਤਾ ਜਾ ਰਿਹਾ ਹੈ ਕਿ ਸਰਕਾਰ ਆਂਗਣਵਾੜੀ ਵਰਕਰਾਂ ਦਾ ਬਣਦਾ ਮਾਣ ਭੱਤਾ, ਜੋ ਪਿਛਲੇ 10 ਮਹੀਨਿਆ ਤੋਂ ਪੈਂਡਿੰਗ ਪਿਆ ਹੈ, ਉਸ ਨੂੰ ਤੁਰੰਤ ਜਾਰੀ ਕਰੇ ਅਤੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਮੁੜ ਤੋਂ ਆਂਗਣਵਾੜੀਆਂ ਵਿੱਚ ਭੇਜੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਅਤੇ ਕੋਈ ਰਾਹਤ ਨਾਂ ਦਿੱਤੀ, ਅੱਗੇ ਹੋਰ ਵੀ ਤਿੱਖਾ ਸੰਘਰਸ਼ ਸਰਕਾਰ ਖਿਲਾਫ ਵਿੱਢਿਆ ਜਾਵੇਗਾ।