ਫ਼ਰੀਦਕੋਟ: ਇੱਥੋ ਲੰਘਦੀਆਂ ਨਹਿਰਾਂ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਨੂੰ ਪੱਕਿਆ ਕਰਨ ਨੂੰ ਲੈ ਕੇ ਫ਼ਰੀਦਕੋਟ ਦੇ ਲੋਕਾਂ ਵੱਲੋਂ ਬਣਾਏ ਗਏ ਜਲ ਜੀਵਨ ਬਚਾਓ ਮੋਰਚੇ ਚਲਾਇਆ ਗਿਆ। ਇਸੇ ਤਹਿਤ ਉਨ੍ਹਾਂ ਵੱਲੋਂ ਆਪਣੀਆ ਮੰਗਾਂ ਨੂੰ ਲੈ ਕੇ (CM Mann is not giving time to Punjab) ਮਿੰਨੀ ਸਕੱਤਰੇਤ ਫਰੀਦਕੋਟ ਤੋਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਘਰ ਤੱਕ ਰੋਸ ਮਾਰਚ ਕੱਢਿਆ ਗਿਆ। ਵਿਧਾਇਕ ਦੇ ਘਰ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪਾਣੀ ਬਚਾਉਣ ਦੀ ਮੰਗ: ਗੱਲਬਾਤ ਕਰਦਿਆਂ ਜਲ ਜੀਵਨ ਬਚਾਓ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪਾਣੀ ਜੀਵਨ ਲਈ ਅਹਿਮ ਹੈ ਅਤੇ ਫ਼ਰੀਦਕੋਟ ਵਿਚੋਂ ਲੰਘਦੀਆਂ ਨਹਿਰਾਂ ਦਾ ਪਾਣੀ ਜੋ ਸੀਪੇਜ ਰਾਹੀ ਧਰਤੀ ਹੇਠ ਚਲਾ ਜਾਂਦਾ ਹੈ, ਇਸ ਦੇ ਨਾਲ ਹੀ ਫ਼ਰੀਦਕੋਟ ਦੇ ਲੋਕਾਂ ਦਾ ਗੁਜਾਰਾ ਹੋ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫਰੀਦਕੋਟ ਵਿਚ ਲੰਘਦੀਆਂ ਇਨ੍ਹਾਂ ਨਹਿਰਾਂ ਨੂੰ ਕੰਕਰੀਟ ਅਤੇ ਫਾਇਬਰ ਸ਼ੀਟ ਪਾ ਕੇ ਪੱਕਿਆ ਕਰ ਦੇਵੇ ਤਾਂ ਪਾਣੀ ਦੀ ਸੀਪੇਜ ਬਿਲਕੁਲ ਬੰਦ ਹੋ ਜਾਵੇਗੀ ਜਿਸ ਨਾਲ ਫਰੀਦਕੋਟ ਅਤੇ ਆਸ ਪਾਸ ਦੇ ਇਲਾਕਿਆ ਵਿਚ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ।
ਇਸੇ ਲਈ ਵੱਖ ਵੱਖ ਜਥੇਬੰਦੀਆ ਵੱਲੋਂ ਮਿਲ ਕੇ ਜਲ ਜੀਵਨ ਬਚਾਓ ਮੋਰਚਾ ਬਣਾਇਆ ਗਿਆ ਹੈ, ਜਿਸ ਵੱਲੋਂ ਜਿਥੇ ਲੋਕਾ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਉਥੇ ਹੀ ਨਹਿਰਾਂ ਨੂੰ ਪੱਕਿਆ ਕਰਨ ਤੋਂ ਰੋਕਣ ਲਈ ਅੱਜ ਹਲਕਾ ਵਿਧਾਇਕ ਦੇ ਘਰ ਦਾ ਘਿਰਾਓ ਕੀਤਾ ਗਿਆ ਤਾਂ ਜੋ ਉਨ੍ਹਾਂ ਦੀ ਮੰਗ ਮੁੱਖ ਮੰਤਰੀ ਪੰਜਾਬ ਤੱਕ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅੱਜ ਹਲਕਾ ਵਿਧਾਇਕ ਨੇ ਕੋਈ ਸਾਰਥਿਕ ਜਵਾਬ ਨਾਂ ਦਿੱਤਾ ਤਾਂ ਇਹ ਧਰਨਾ ਲਗਾਤਾਰ ਹਲਕਾ ਵਿਧਾਇਕ ਦੇ ਘਰ ਦੇ ਬਾਹਰ ਹੀ ਚੱਲੇਗਾ।
'ਮੁੱਖ ਮੰਤਰੀ ਮਾਨ ਪੰਜਾਬ ਨੂੰ ਟਾਇਮ ਨਹੀਂ ਦੇ ਪਾ ਰਹੇ': ਇਸ ਮੌਕੇ ਆਪਣੇ ਘਰ ਅੱਗੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਆਮ ਆਦਮੀਂ ਪਾਰਟੀ ਦੇ ਵਿਧਾਇਕ ਦੇ ਮੂਹੋਂ ਸੱਚ ਵੀ ਨਿਕਲ ਗਿਆ ਅਤੇ ਉਨ੍ਹਾਂ ਨੇ ਸਟੇਜ ਤੋਂ ਹੀ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਕੋਲ ਫ਼ਰੀਦਕੋਟ ਦੇ ਲੋਕਾਂ ਦੇ ਇਸ ਅਹਿਮ ਮੁੱਦੇ ਨੂੰ ਚੁੱਕਿਆ ਸੀ, ਪਰ ਹੋਰ ਸੂਬਿਆ ਵਿਚ ਚੋਣਾਂ ਹੋਣ ਦੇ ਚੱਲਦੇ ਮੁੱਖ ਮੰਤਰੀ ਮਾਨ ਪੰਜਾਬ ਨੂੰ ਟਾਇਮ ਨਹੀਂ ਦੇ ਪਾ ਰਹੇ।
ਹਲਕਾ ਵਿਧਾਇਕ ਨੇ ਦਿੱਤਾ ਭਰੋਸਾ: ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਮਸਲਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਜਲਦ ਹੀ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕ ਪੱਖੀ ਫੈਸਲੇ ਹੀ ਲਵੇਗੀ। ਉਨ੍ਹਾਂ ਕਿਹਾ ਕਿ ਨਹਿਰਾਂ ਨੂੰ ਕੰਕਰੀਟ ਨਾਲ ਪੱਕਿਆ ਕਰਨ ਦਾ ਫੈਸਲਾ ਪਿਛਲੀਆਂ ਸਰਕਾਰਾਂ ਦਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਪੱਖੀ ਅਤੇ ਲੋਕ ਹਿੱਤ ਵਿਚ ਹੀ ਫੈਸਲਾ ਲਵੇਗੀ।
ਇਹ ਵੀ ਪੜ੍ਹੋ: ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਫਿਰ ਤੋਂ ਮੋਰਚਾ ਖੋਲ੍ਹਣ ਦਾ ਐਲਾਨ