ਫ਼ਰੀਦਕੋਟ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਪਰੰਤ ਗਰਮ ਖ਼ਿਆਲੀ ਲੋਕਾਂ ਵੱਲੋਂ ਕਥਿੱਤ ਤੌਰ 'ਤੇ ਅਕਾਲੀ ਦਲ 'ਤੇ ਲਾਏ ਦੋਸ਼ਾਂ ਕਾਰਨ ਅਕਾਲੀ ਦਲ ਦੀਆਂ ਮੁਸ਼ਕਲਾਂ ਰੁੱਕਣ ਦਾ ਨਾਅ ਨਹੀਂ ਲੈ ਰਹੀਆਂ, ਜਿਸ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ।
ਫ਼ਰੀਦਕੋਟ ਦੇ ਕਸਬਾ ਬਰਗਾੜੀ ਤੋਂ ਜਿੱਥੇ ਲੋਕ ਸਭਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਚਲਾਏ ਜਾ ਰਹੇ ਚੋਣ ਪ੍ਰਚਾਰ ਲਈ ਇਕੱਠ ਕੀਤਾ ਸੀ ਅਤੇ ਉਸ ਵਕਤ ਗ਼ਰਮ ਖ਼ਿਆਲੀ ਲੋਕਾਂ ਨੇ ਕਾਲੀਆਂ ਝੰਡੀਆਂ ਨਾਲ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਆਖ਼ਰ ਗੁਲਜ਼ਾਰ ਸਿੰਘ ਰਣੀਕੇ ਨੂੰ ਆਪਣੇ ਕਾਫ਼ਲੇ ਸਮੇਤ ਰਸਤਾ ਬਦਲ ਕੇ ਅਗਲੇ ਪਿੰਡ ਲਈ ਰਵਾਨਾ ਹੋਣਾ ਪਿਆ।
ਇਸ ਮੌਕੇ ਸਿੱਖ ਆਗੂ ਰਣਜੀਤ ਸਿੰਘ ਅਤੇ ਜਸਵਿੰਦਰ ਸਾਹੋਕੇ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਲਈ ਅਕਾਲੀ ਦਲ ਸਭ ਤੋਂ ਵੱਡਾ ਦੋਸ਼ੀ ਹੈ, ਜਿੰਨ੍ਹਾਂ ਨੇ ਬੇਅਦਬੀ ਕਰਵਾਉਣ ਵਾਲੇ ਲੋਕਾਂ ਨੂੰ ਫੜਨ ਦੀ ਬਜਾਏ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਅਕਾਲੀ ਦਲ ਨੇ ਜਿਹੜਾ ਉਮੀਦਵਾਰ ਖੜਾ ਕੀਤਾ ਹੈ। ਰਣੀਕੇ ਉਸ ਨੇ ਇਕ ਵਾਰ ਵੀ ਬਰਗਾੜੀ ਆ ਕੇ ਹਾਂ ਦਾ ਨਾਅਰਾ ਨਹੀਂ ਮਾਰਿਆ। ਹੁਣ ਉਹ ਕਿਸ ਮੂੰਹ ਨਾਲ ਵੋਟਾਂ ਮੰਗਣ ਆਏ ਹਨ? ਇਸ ਕਰਕੇ ਉਸਦਾ ਅਤੇ ਅਕਾਲੀ ਦਲ ਪਾਰਟੀ ਦਾ ਇੱਕ ਥਾਂ ਨਹੀਂ ਸਗੋਂ ਥਾਂ-ਥਾਂ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਜਦੋਂ ਗੁਲਜ਼ਾਰ ਸਿੰਘ ਰਣੀਕੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਸਾਥ ਦੇ ਰਹੇ ਹਾਂ ਅਤੇ ਇਹੀ ਚਾਹੁੰਦੇ ਹਾਂ ਕਿ ਅਸਲ ਦੋਸ਼ੀ ਫੜੇ ਜਾਣ ਬਾਕੀ ਲੋਕਤੰਤਰ ਹੈ ਜੋ ਕੋਈ ਮਰਜੀ ਕਰੇ ਪਰ ਲੋਕਾਂ ਦਾ ਅਕਾਲੀ ਦਲ ਪ੍ਰਤੀ ਬੇਅਥਾਹ ਵਿਸ਼ਵਾਸ ਹੈ। ਉਹ ਜਾਣ ਚੁੱਕੇ ਹਨ ਕਿ ਕੌਣ ਗ਼ਲਤ ਕੌਣ ਸਹੀ ਹੈ, ਕਿਹੜੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਭਲੇ ਲਈ ਕੰਮ ਕੀਤਾ ਹੈ? ਉਹ ਕਾਂਗਰਸ ਦੇ ਦੋ ਸਾਲ ਵਾਲੇ ਕਾਰਜਕਾਲ ਤੋਂ ਅੱਕ ਚੁੱਕੇ ਹਨ ਇਸ ਲਈ ਦੁਬਾਰਾ ਅਕਾਲੀ ਭਾਜਪਾ ਦਾ ਸਾਥ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋਵੇਗਾ।