ਫਰੀਦਕੋਟ: ਬੀਤੀ 18 ਫਰਵਰੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਫਰੀਦਕੋਟ ਜ਼ਿਲ੍ਹੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਭਲਵਾਨ ਕਤਲ ਮਾਮਲੇ 'ਚ ਫੇਸਬੁੱਕ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ ਜ਼ਿਲ੍ਹਾ ਅਦਾਲਤ ਨੇ ਓਪਨ ਵਰੰਟ ਜਾਰੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਗੁਰਲਾਲ ਭਲਵਾਨ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਮਾਮਲੇ 'ਚ ਪੁਲਿਸ ਵਲੋਂ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 3 ਨੂੰ ਦਿੱਲੀ ਪੁਲਿਸ ਅਤੇ 5 ਲੋਕਾਂ ਨੂੰ ਫ਼ਰੀਦਕੋਟ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਫ਼ਰੀਦਕੋਟ ਪੁਲਿਸ ਨੇ ਹੁਣ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਪਹਿਲਾਂ 17 ਮਾਰਚ ਤੱਕ ਦਾ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਇਆ ਸੀ। ਇਸ ਦਿਨ ਤੱਕ ਫ਼ਰੀਦਕੋਟ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਰੰਟ 'ਤੇ ਨਹੀਂ ਲਿਆ ਸਕੀ ਤਾਂ ਮਾਣਯੋਗ ਅਦਾਲਤ ਨੇ ਹੁਣ 22 ਮਾਰਚ ਤੱਕ ਦਾ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਲਾਰੈਂਸ ਬਿਸ਼ਨੋਈ ਰਾਜਸਥਾਨ ਦੀ ਅਜਮੇਰ ਜੇਲ੍ਹ 'ਚ ਬੰਦ ਹੈ।
ਦੂਜੇ ਪਾਸੇ ਫ਼ਰੀਦਕੋਟ ਪੁਲਿਸ ਨੇ ਇਸ ਮਾਮਲੇ 'ਚ ਨਾਮਜ਼ਦ ਗੋਲਡੀ ਬਰਾੜ ਤੋਂ ਪੁੱਛਗਿੱਛ ਲਈ ਅਦਾਲਤ ਤੋਂ ਗੋਲਡੀ ਬਰਾੜ ਦਾ ਓਪਨ ਵਰੰਟ ਜਾਰੀ ਕਰਵਾ ਲਿਆ ਹੈ। ਵੈਸੇ ਤਾਂ ਗ੍ਰਿਫ਼ਤਾਰੀ ਵਰੰਟ ਜਾਰੀ ਹੁੰਦੇ ਹਨ, ਜਿਸ ਦੀ ਤਾਰੀਖ਼ ਨਿਰਧਾਰਤ ਹੁੰਦੀ ਹੈ ਅਤੇ ਉਹ ਤਾਰੀਖ਼ ਲੰਘ ਜਾਣ 'ਤੇ ਮੁੜ ਵਰੰਟ ਜਾਰੀ ਕਰਨਾ ਪੈਂਦਾ ਹੈ, ਪਰ ਓਪਨ ਵਰੰਟ 'ਚ ਕੋਈ ਤਰੀਖ਼ ਨਿਰਧਾਰਤ ਨਹੀਂ ਹੁੰਦੀ, ਪੁਲਿਸ ਕਿਸੇ ਸਮੇਂ ਵੀ ਕਿਤੋਂ ਵੀ ਦੋਸ਼ੀ ਜਾਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ:ਲੌਕਡਾਊਨ 'ਤੇ ਵੀ ਦਿੱਲੀ ਤੋਂ ਨਹੀਂ ਮੁੜਣਗੇ ਕਿਸਾਨ, ਬਾਰਡਰ 'ਤੇ ਹੀ ਹੋਵੇ ਕੋਰੋਨਾ ਟੀਕਾਕਰਨ