ਫ਼ਰੀਦਕੋਟ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਅੰਦਰ ਦੇਰ ਰਾਤ ਨੂੰ ਸਿਹਤ ਵਿਗੜ ਗਈ। ਇਸ ਦੇ ਚੱਲਦੇ ਲਾਰੈਂਸ ਨੂੰ ਫ਼ਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਿਲ ਕਰਵਾਇਆ ਗਿਆ। ਇਸ ਮੌਕੇ ਹਸਪਤਾਲ ਅੰਦਰ ਤੇ ਬਾਹਰ ਭਾਰੀ ਸੁਰੱਖਿਆ ਤੈਨਾਤ ਕੀਤੀ ਗਈ ਹੈ। ਹਸਪਤਾਲ ਦੇ ਅੰਦਰ ਵੀ ਚੁਣੇ ਹੋਏ ਡਾਕਟਰ ਹੀ ਲਾਰੈਂਸ ਕੋਲ ਮੌਜੂਦ ਰਹੇ ਤੇ ਉਸ ਦਾ ਇਲਾਜ ਕੀਤਾ।
ਪੁਲਿਸ ਲਾਰੈਂਸ ਨੂੰ ਲੈ ਕੇ ਚੌਕਸ: ਜਾਣਕਾਰੀ ਮੁਤਾਬਕ, ਦੇਰ ਰਾਤ ਲਾਰੈਂਸ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਜੇਲ੍ਹ ਹਸਪਤਾਲ ਫ਼ਰੀਦਕੋਟ ਦਾਖਲ ਕਰਾਇਆ ਗਿਆ, ਪਰ ਉੱਥੋਂ ਲਾਰੈਂਸ ਨੂੰ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ। ਲਾਰੈਂਸ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਬਿਲਕੁਲ ਚੌਕਸ ਹੈ ਅਤੇ ਸਿਰਫ਼ ਚੁਣੇ ਹੋਏ ਲੋਕਾਂ ਨੂੰ ਹੀ ਉਸ ਦੇ ਨੇੜੇ ਆਉਣ ਦੀ ਇਜਾਜ਼ਤ ਹੈ।
ਪਿਛਲੇ ਮਹੀਨੇ ਦਿੱਲੀ ਜੇਲ੍ਹ ਤੋਂ ਪੰਜਾਬ ਸ਼ਿਫਟ ਕੀਤਾ ਗਿਆ: ਲਾਰੈਂਸ ਨੂੰ ਪਿਛਲੇ ਮਹੀਨੇ ਹੀ ਦਿੱਲੀ ਤੋਂ ਬਠਿੰਡਾ ਜੇਲ੍ਹ ਵਿੱਚ ਲਿਆਂਦਾ ਗਿਆ ਹੈ। ਐਨਆਈਏ ਅਤੇ ਫਿਰ ਗੁਜਰਾਤ ਪੁਲਿਸ ਉਸ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਸੀ। ਦਿੱਲੀ ਵਿੱਚ ਰਹਿੰਦਿਆਂ ਹੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ। ਇਸ ਤੋਂ ਬਾਅਦ ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਮੁੜ ਪੰਜਾਬ ਦੀ ਬਠਿੰਡਾ ਜੇਲ੍ਹ ਭੇਜਣ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ। ਰਿਮਾਂਡ ਖ਼ਤਮ ਹੋਣ ਤੋਂ ਬਾਅਦ ਲਾਰੈਂਸ ਨੂੰ ਪਿਛਲੇ ਮਹੀਨੇ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਸੀ।
ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ: ਲਾਰੈਂਸ ਬਿਸ਼ਨੋਈ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦਾ ਪੂਰਾ ਪਲਾਨ ਲਾਰੈਂਸ ਦੇ ਇਸ਼ਾਰੇ 'ਤੇ ਹੀ ਤੈਅ ਹੋਇਆ ਸੀ। ਇਸ ਵਿੱਚ ਵਿਦੇਸ਼ ਬੈਠੇ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਨੇ ਉਨ੍ਹਾਂ ਦਾ ਸਾਥ ਦਿੱਤਾ।
ਕੌਣ ਹੈ ਲਾਰੈਂਸ ਬਿਸ਼ਨੋਈ: ਲਾਰੈਂਸ ਬਿਸ਼ਨੋਈ ਦਾ ਜਨਮ ਪੰਜਾਬ ਦੇ ਅਬੋਹਰ ਵਿੱਚ ਹੋਇਆ ਅਤੇ ਉਸ ਦੇ ਪਿਤਾ ਹਰਿਆਣਾ ਵਿੱਚ ਪੁਲਿਸ ਕਾਂਸਟੇਬਲ ਸੀ। ਲਾਰੈਂਸ ਦੀ ਗੈਂਗ ਉੱਤਰ ਭਾਰਤ ਵਿੱਚ ਐਕਟਿਵ ਹੈ। ਉਸ ਦੇ ਗਿਰੋਹ ਵਿੱਚ ਕਰੀਬ 700 ਸ਼ੂਟਰ ਹਨ। ਫਿਰ ਗੋਲਡੀ ਬਰਾੜ 2011 ਵਿੱਚ ਲਾਰੈਂਸ ਦੇ ਸੰਪਰਕ ਵਿੱਚ ਆਇਆ ਤੇ ਦੋਨਾਂ ਨੇ ਮਿਲ ਕੇ ਕਈ ਛੋਟੀ ਤੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।