ਫ਼ਰੀਦਕੋਟ: ਪੰਜਾਬੀ ਦੋਗਾਣੇ ਨੂੰ ਨਵਾਂ ਰੂਪ ਅਤੇ ਵਿਲੱਖਣ ਪਛਾਣ ਦੇਣ ਵਾਲੇ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਦਾ ਵੀਰਵਾਰ ਨੂੰ ਅੰਤਿਮ ਸਸਕਾਰ ਫਰੀਦਕੋਟ ਦੇ ਰਾਮਬਾਗ ਵਿੱਚ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਚਾਹੁਣ ਵਾਲੇ ਅਤੇ ਸੰਗੀਤ ਪ੍ਰੇਮੀ ਮੌਜੂਦ ਰਹੇ। ਕਈ ਨਾਮੀਂ ਗਾਇਕਾਂ ਨੇ ਵੀ ਕਰਤਾਰ ਰਮਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਤੇ ਸੰਗੀਤਕਾਰ ਨਿਰਮਲ ਸਿੱਧੂ ਨੇ ਕਿਹਾ ਕਿ ਕਰਤਾਰ ਰਮਲਾ ਆਪਣੇ ਗੀਤਾਂ ਸਦਕਾ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ। ਉਨ੍ਹਾਂ ਦੇ ਗੀਤ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ।
ਮਰਹੂਮ ਪੰਜਾਬੀ ਗਾਇਕ ਕਰਤਾਰ ਰਮਲਾ ਜਿਨ੍ਹਾਂ ਦਾ ਬੀਮਾਰੀ ਦੇ ਚੱਲਦੇ ਬੀਤੇ ਦਿਨ ਵੀਰਵਾਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਮ ਸਸਕਾਰ ਫ਼ਰੀਦਕੋਟ ਦੇ ਰਾਮਬਾਗ ਵਿੱਚ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬੀ ਗਾਇਕ ਦਿਲਦਾਰ ਸ਼ਰੀਫ ਨੇ ਕਿਹਾ ਕਿ ਕਰਤਾਰ ਰਮਲਾ ਸੱਚਮੁੱਚ ਸਟਾਰ ਕਲਾਕਾਰ ਸੀ ਅਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਕਲਾਕਾਰ ਸੀ।
ਇਸ ਮੌਕੇ ਪੰਜਾਬੀ ਦੋਗਾਣਾ ਗਾਇਕ ਭਿੰਦੇ ਸ਼ਾਹ ਰਾਜੋਵਾਲੀਆ ਨੇ ਵੀ ਕਰਤਾਰ ਰਮਲਾ ਦੇ ਸੰਗੀਤਕ ਸਫ਼ਰ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਕਰਤਾਰ ਰਮਲਾ ਨੇ ਇੱਕ ਵੱਖਰੀ ਪਛਾਣ ਦੋਗਾਣਾ ਗਾਇਕੀ ਨੂੰ ਦਿੱਤੀ ਅਤੇ ਉਨ੍ਹਾਂ ਦੇ ਗੀਤ ਹਰੇਕ ਦੀ ਪਸੰਦ ਸਨ। ਉਨ੍ਹਾਂ ਕਿਹਾ ਕਿ ਕਰਤਾਰ ਰਮਲਾ ਨੇ ਆਪਣੇ ਗੀਤਾਂ ਵਿੱਚ ਹਮੇਸ਼ਾ ਪਿੰਡਾਂ ਦੇ ਸੱਭਿਆਚਾਰ ਨੂੰ ਪਹਿਲ ਦਿੱਤੀ।
ਕਰਤਾਰ ਰਮਲਾ ਦੇ ਸ਼ਗਿਰਦ ਅਮਰਜੀਤ ਨੇ ਕਿਹਾ ਕਿ ਉਨ੍ਹਾਂ ਨੇ ਕਾਫੀ ਸਮਾਂ ਕਰਤਾਰ ਰਮਲਾ ਦੇ ਨਾਲ ਗੁਜ਼ਾਰਿਆ ਅਤੇ ਕਰਤਾਰ ਰਮਲਾ ਚੰਗੇ ਇਨਸਾਨ ਸਨ। ਉੱਥੇ ਹੀ, ਗਾਇਕ ਦਰਸ਼ਨਜੀਤ ਨੇ ਕਿਹਾ ਕਿ ਕਰਤਾਰ ਰਮਲਾ ਨੇ ਦੋਗਾਣਾ ਗਾਇਕੀ ਨੂੰ ਇੱਕ ਵਿਲੱਖਣ ਪਛਾਣ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਗਾਣਾ ਦੇ ਅੱਗੇ ਸ਼ਾਇਰੀ ਲਗਾਉਣ ਦਾ ਆਗਾਜ਼ ਕਰਤਾਰ ਰਮਲਾ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਕਰਤਾਰ ਰਮਲਾ ਜਿੱਥੇ ਚੰਗੇ ਗਾਇਕ ਸਨ, ਉੱਥੇ ਹੀ ਚੰਗੇ ਸੰਗੀਤ ਵਾਦਕ ਵੀ ਸਨ। ਦਰਸ਼ਨਜੀਤ ਨੇ ਕਿਹਾ ਕਿ ਕਰਤਾਰ ਰਮਲਾ ਦੇ ਨਾਲ ਉਨ੍ਹਾਂ ਨੂੰ ਕਈ ਵਾਰ ਸਟੇਜ 'ਤੇ ਜਾਣ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਪਿੰਡ ਪਠਲਾਵਾ 'ਚ ਬਜ਼ੁਰਗ ਦੀ ਮੌਤ, ਪੂਰਾ ਪਿੰਡ ਸੀਲ