ਫ਼ਰੀਦਕੋਟ: ਜੇ ਤੁਸੀਂ ਆਨਲਾਇਨ ਖਾਣਾਂ ਆਰਡਰ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਨਿੱਜੀ ਹੋਟਲਾਂ ਵਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਇਨ੍ਹੀਂ ਦਿਨੀ ਲੋਕਾਂ ਵੱਲੋਂ ਘਰੇ ਬੈਠੇ ਹੀ ਆਨਲਾਇਨ ਆਰਡਰ ਕਰ ਕੇ ਖਾਣ ਪੀਣ ਦਾ ਸਮਾਨ ਮੰਗਵਾਉਣ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ। ਪਰ ਆਨਲਾਇਨ ਆਡਰ ਕਰਕੇ ਮੰਗਵਾਇਆ ਖਾਣਾ ਤੁਹਾਨੂੰ ਗੰਭੀਰ ਬਿਮਾਰੀਆਂ ਵੀ ਲਗਵਾ ਸਕਦਾ ਹੈ, ਜਿਸ ਦੀ ਤਾਜ਼ਾ ਮਿਸਾਲ ਫਰੀਦਕੋਟ ਮਿਲੀ।
ਫ਼ਰੀਦਕੋਟ ਦੇ ਇੱਕ ਪਰਿਵਾਰ ਵੱਲੋਂ ਇੱਕ ਨਿੱਜੀ ਹੋਟਲ ਤੋਂ ਆਨਲਾਇਨ ਆਡਰ ਕਰਕੇ ਡੋਸਾ ਮੰਗਵਾਇਆ ਗਿਆ ਸੀ ਜਿਸ ਵਿੱਚੋਂ ਸੁੰਡੀ ਨਿਕਲੀ। ਜਦੋਂ ਪਰਿਵਾਰ ਨੇ ਸੰਬੰਧਿਤ ਹੋਟਲ ਮਾਲਕ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਦਾ ਰਵੱਈਆ ਬਹੁਤ ਮਾੜਾ ਸੀ। ਪਰਿਵਾਰ ਨੇ ਅਜਿਹਾ ਘਟੀਆ ਦਰਜੇ ਦਾ ਭੋਜਨ ਸਪਲਾਈ ਕਰਨ ਵਾਲੇ ਇਸ ਹੋਟਲ ਮਾਲਕ ਖਿਲਾਫ਼ ਸਿਹਤ ਵਿਭਾਗ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਪੂਰੇ ਮਾਮਲੇ ਬਾਰੇ ਜਦ ਹੋਟਲ ਮਾਲਕ ਪੰਕਜ ਅਰੋੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹੋਟਲ ਸੜਕ 'ਤੇ ਹੈ ਅਤੇ ਹੋ ਸਕਦਾ ਕੋਈ ਚੀਜ਼ ਸਮਾਨ ਵਿੱਚ ਪੈ ਗਈ ਹੋਵੇ। ਉਨ੍ਹਾਂ ਕਿਹਾ ਕਿ ਵੈਸੇ ਤਾਂ ਇਸ ਆਰਡਰ ਦੇ ਨਾਲ ਉਨ੍ਹਾਂ ਨੇ ਹੋਰ ਕਈ ਆਡਰ ਭੁਗਤਾਏ ਹਨ ਪਰ ਕਿਤੋਂ ਵੀ ਕੋਈ ਉਲਾਂਭਾ ਨਹੀਂ ਆਇਆ। ਪਰ ਇਸਦੇ ਬਾਵਜੂਦ ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਤੋਂ ਮੁਆਫੀ ਵੀ ਮੰਗੀ ਸੀ ਅਤੇ ਨੂੰ ਆਰਡਰ ਦੁਬਾਰਾ ਭੇਜ ਦਿੱਤਾ ਸੀ।