ਫ਼ਰੀਦਕੋਟ: ਬੀਤੇ ਕਰੀਬ 24 ਘੰਟਿਆਂ ਤੋਂ ਪਿੰਡ ਜਿਉਣ ਸਿੰਘ ਵਾਲਾ ਵਿਚ ਚੱਲ ਰਿਹਾ ਕਿਸਾਨ ਸੰਘਰਸ਼ ਸ਼ੁਕਰਵਾਰ ਨੂੰ ਤਹਿਸੀਲਦਾਰ ਕੋਟਕਪੂਰਾ ਵਲੋਂ ਕਿਸਾਨਾਂ ਖਿਲਾਫ ਕਿਸੇ ਵੀ ਤਰਾਂ ਦੀ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਲਿਖਤੀ ਭਰੋਸੇ ਤੋੰ ਬਾਅਦ ਸਮਾਪਤ ਹੋ ਗਿਆ। ਕਿਸਾਨਾਂ ਵਲੋਂ ਘੇਰੇ ਗਏ ਦੋਵੇਂ ਪਟਵਾਰੀਆਂ ਨੂੰ ਜਾਣ ਦਿੱਤਾ ਗਿਆ। ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਵੀਰਵਾਰ ਨੂੰ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ (Stubble Burning In Faridkot) ਗਈ ਸੀ, ਤਾਂ ਸਰਕਾਰ ਦੇ ਹੁਕਮਾਂ 'ਤੇ ਕਿਸਾਨ ਖਿਲਾਫ ਕਾਰਵਾਈ ਕਰਨ ਲਈ ਮਹਿਕਮਾਂ ਮਾਲ ਵਲੋਂ ਜਮੀਨ ਦੀ ਨਿਸ਼ਾਨਦੇਹੀ ਕਰਨ ਲਈ ਹਲਕਾ ਪਟਵਾਰੀ ਸੁਖਦੀਪ ਸਿੰਘ ਅਤੇ ਉਸ ਦੇ ਸਾਥੀ ਪਟਵਾਰੀ ਗੁਰਲਾਲ ਸਿੰਘ ਪਹੁੰਚੇ ਸਨ।
ਇਨ੍ਹਾਂ ਨੂੰ ਕਿਸਾਨਾਂ ਵਲੋਂ ਖੇਤ ਵਿਚ ਹੀ ਘੇਰ ਲਿਆ ਗਿਆ ਸੀ ਅਤੇ ਕਰੀਬ 24 ਘੰਟੇ ਤੱਕ ਉਨ੍ਹਾਂ ਨੂੰ ਉਥੇ ਘੇਰੀ ਰੱਖਿਆ ਸੀ। ਪਹਿਲਾਂ ਇਨ੍ਹਾਂ ਮੁਲਾਜ਼ਮਾਂ ਨੂੰ ਇਥੋਂ ਲਿਜਾਣ ਲਈ ਦੇਰ ਰਾਤ ਨਾਇਬ ਤਹਿਸੀਲਦਾਰ ਅਮਨਦੀਪ ਗੋਇਲ ਇਥੇ ਆਏ ਸਨ, ਜਿਨਾਂ ਨੂੰ ਵੀ ਕਿਸਾਨਾਂ ਵਲੋਂ ਘੇਰਿਆ ਗਿਆ ਸੀ, ਪਰ ਕੋਈ ਵੀ ਗੱਲਬਾਤ ਸਿਰੇ ਨਾ ਲੱਗਣ ਦੇ ਚਲਦੇ ਸ਼ੁਕਰਵਾਰ ਨੂੰ ਮੁੜ ਤਹਿਸੀਲਦਾਰ ਕੋਟਕਪੂਰਾ ਪਰਮਜੀਤ ਸਿੰਘ ਬਰਾੜ ਆਏ ਸਨ ਜਿੰਨਾ ਨੇ ਕਿਸਾਨਾਂ ਨੂੰ ਲਿਖਤ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਖਿਲਾਫ ਨਾ ਤਾਂ ਅੱਗ ਲਗਾਉਣ ਨੂੰ ਲੈ ਕੇ ਕੋਈ ਕਾਰਵਾਈ ਕੀਤੀ ਜਾਵੇਗੀ ਅਤੇ ਨਾ ਹੀ ਡਿਉਟੀ ਵਿਚ ਵਿਘਨ ਪਾਉਣ ਸਬੰਧੀ ਕੋਈ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਬਾਅਦ ਅੱਜ ਉਨ੍ਹਾਂ ਵਲੋਂ ਧਰਨਾ ਚੁੱਕ ਲਿਆ ਗਿਆ ਹੈ। ਉਨ੍ਹਾਂ ਨੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਉਹ ਮੁੜ ਤੋਂ ਸੰਘਰਸ਼ ਆਰੰਭ ਦੇਣਗੇ। ਇਸ ਮੌਕੇ ਗੱਲਬਾਤ ਕਰਦਿਆ ਤਹਿਸੀਲਦਾਰ ਕੋਟਕਪੂਰਾ ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਵਲੋਂ ਕੱਲ੍ਹ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਅਤੇ ਮਾਲ ਵਿਭਾਗ ਦੇ 2 ਪਟਵਾਰੀ ਵੀ ਇਨ੍ਹਾਂ ਵਲੋਂ ਘੇਰੇ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਦੀਆਂ ਇਸ ਧਰਨੇ ਸਬੰਧੀ ਮੰਗਾਂ ਮੰਨ ਲਈਆਂ ਹਨ। ਇਨ੍ਹਾਂ ਖਿਲਾਫ ਕਿਸੇ ਵੀ ਤਰਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੋਹਾਂ ਪਟਵਾਰੀਆਂ ਨੂੰ ਸਹੀ ਸਲਾਮਤ ਇਥੋਂ ਨਾਲ ਲੈ ਲਿਆ ਹੈ ਅਤੇ ਧਰਨਾ ਹੁਣ ਸਮਾਪਤ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਦੇਸ਼ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ ਦਿਹਾਂਤ