ਫਰੀਦਕੋਟ: ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਂਅ 'ਤੇ ਕਿਸਾਨਾਂ ਉੱਤੇ ਦਰਜ ਕੀਤੇ ਜਾ ਰਹੇ ਮਾਮਲਿਆਂ 'ਤੇ ਕਿਸਾਨਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਦੀ ਆੜ ਵਿੱਚ ਕਥਿਤ ਸਿਆਸਤ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਵੀ ਨਹੀਂ ਲਗਾਈ ਉਨ੍ਹਾਂ 'ਤੇ ਮੁਕਦਮੇ ਦਰਜ ਕੀਤੇ ਜਾ ਰਹੇ ਹਨ।
ਮਾਮਲਾ ਜ਼ਿਲ੍ਹੇ ਦੀ ਸਬ ਤਹਿਸੀਲ ਸਾਦਿਕ ਦੇ ਪਿੰਡ ਗੁਜਰ ਅਤੇ ਫਰੀਦਕੋਟ ਤਹਿਸੀਲ ਅਧੀਨ ਪੈਂਦੇ ਪਿੰਡ ਕੰਮੇਆਣਾ ਅਤੇ ਅਰਾਈਆਂ ਵਾਲਾ ਕਲਾਂ ਦਾ ਹੈ। ਕਿਸਾਨ ਕਾਰਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਗੁਜਰ ਵਿਖੇ ਜਮੀਨ ਹੈ, ਪੁਲਿਸ ਵਲੋਂ ਉਨ੍ਹਾਂ ਦੇ ਖਿਲਾਫ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਮੀਨ ਵਿੱਚ ਝੋਨੇ ਦੀ ਪਰਾਲੀ ਖੇਤ ਵਿੱਚ ਹੀ ਪਈ ਹੈ। ਪਰ ਪਟਵਾਰੀ ਨੇ ਕਿਸੇ ਰੰਜਿਸ਼ ਦੇ ਤਹਿਤ ਉਨ੍ਹਾਂ ਉੱਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਮਾਮਲਾ ਦਰਜ ਕਰਵਾਇਆ ਹੈ।
ਉੱਥੇ ਹੀ ਦੂਜੇ ਪਾਸੇ ਪਿੰਡ ਕੰਮੇਆਣਾ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੇ ਕਿਸਾਨ ਸੁਖਰਾਜ ਸਿੰਘ ਨੇ ਕਿਹਾ ਕਿ ਉਸ ਖਿਲਾਫ ਵੀ ਖੇਤ ਵਿੱਚ ਝੋਨੇ ਦੀ ਪਰਾਲੀ ਸਾੜਨ ਦਾ ਮੁਕਦਮਾ ਦਰਜ ਕੀਤਾ ਗਿਆ ਹੈ ਜਦੋਕਿ ਉਸ ਦੇ ਖੇਤ ਵਿੱਚ ਪਰਾਲੀ ਉੱਥੇ ਹੀ ਪਈ ਹੋਈ ਹੈ। ਇਸੇ ਤਰਾਂ ਹੀ ਪਿੰਡ ਅਰਾਈਆਂ ਵਾਲਾ ਦੇ ਕਿਸਾਨ ਬਗੀਚਾ ਸਿੰਘ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਸਾਰੇ ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਗਲਤ ਇਤਲਾਹ ਦੇ ਕੇ ਮੁਕਦਮੇ ਦਰਜ ਕਰਵਾਉਣ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਸੰਬੰਧੀ ਜਦੋਂ ਸਬ ਡਵੀਜਨ ਫਰੀਦਕੋਟ ਦੇ ਡੀਐੱਸਪੀ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਵਾਲਿਆ ਖਿਲਾਫ ਪੁਲਿਸ ਸਿਧੇ ਤੌਰ 'ਤੇ ਮੁਕੱਦਮਾਂ ਨਹੀਂ ਦਰਜ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਜੋ ਵੀ ਮੁਕੱਦਮਾਂ ਦਰਜ ਹੋ ਰਿਹਾ ਹੈ ਉਹ ਖੇਤੀਬਾੜੀ ਵਿਭਾਗ ਅਤੇ ਮਾਲ ਵਿਭਾਗ ਦੀ ਰਿਪੋਰਟ ਦੇ ਅਧਾਰ 'ਤੇ ਹੀ ਦਰਜ ਕੀਤੇ ਜਾ ਰਹੇ ਹਨ ਜੇਕਰ ਗੁਜਰ ਪਿੰਡ ਵਿੱਚ ਕੋਈ ਗਲ਼ਤ ਮੁਕਦਮਾ ਦਰਜ ਹੋਇਆ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜੋ- ਹਰ ਦਿਨ 31 ਕਿਸਾਨ ਕਰ ਰਹੇ ਖੁਦਕੁਸ਼ੀ, NCRB ਨੇ ਜਾਰੀ ਕੀਤੀ ਰਿਪੋਰਟ