ਫ਼ਰੀਦਕੋਟ: ਇੱਥੋਂ ਦੇ ਪਿੰਡ ਢੁੱਡੀ ਵਾਸੀ ਜਗਰੂਪ ਸਿੰਘ ਦੇ ਪੁੱਤਰ ਲਵਪ੍ਰੀਤ ਸਿੰਘ ਦੀ ਬੀਤੇ ਦਿਨੀਂ ਮਨੀਲਾ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂ ਉਹ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ। ਕਿਸਾਨ ਪਰਿਵਾਰ ਦਾ ਇਕਲੌਤਾ ਪੁੱਤਰ ਲਵਪ੍ਰੀਤ ਸਿੰਘ ਆਪਣੇ ਚੰਗੇ ਭਵਿੱਖ ਦੀ ਆਸ ਲਈ ਕਰੀਬ 3 ਸਾਲ ਪਹਿਲਾਂ ਮਨੀਲਾ ਗਿਆ ਸੀ ਤੇ ਉੱਥੇ ਉਹ ਫਾਇਨਾਂਸ ਦਾ ਕੰਮ ਕਰਦਾ ਸੀ।
ਬੀਤੇ ਦਿਨੀਂ ਲਵਪ੍ਰੀਤ ਜਦੋਂ ਆਪਣੇ ਕੰਮ ਤੋਂ ਵਾਪਸ ਪਰਤ ਰਿਹਾ ਸੀ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਪਿੱਛੋਂ ਆ ਕੇ ਉਸ ਨੂੰ 2 ਗੋਲੀਆਂ ਮਾਰੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਅਤੇ ਸਮਾਜ ਸੇਵੀ ਗੁਰਤੇਜ ਸਿੰਘ ਢੁੱਡੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਮਨੀਲਾ ਗਿਆ ਹੋਇਆ ਸੀ ਅਤੇ ਉੱਥੇ ਉਹ ਚੰਗਾ ਕਾਰੋਬਾਰ ਕਰ ਰਿਹਾ ਸੀ ਪਰ ਹੁਣ ਉਸ ਦਾ ਕੁਝ ਅਣਪਛਾਤਿਆਂ ਨੇ ਕਤਲ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਸਰਕਾਰ ਪੀੜਤ ਪਰਿਵਾਰ ਦੀ ਮਦਦ ਕਰੇ ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਜਲਦੀ ਤੋਂ ਜਲਦੀ ਭਾਰਤ ਮੰਗਵਾ ਕੇ ਪਰਿਵਾਰ ਨੂੰ ਸੌਂਪੇ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਦੇਸ਼ ਅੰਦਰ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਤਾਂ ਜੋ ਮਾਪਿਆਂ ਦੇ ਲਾਡਲੇ ਵਿਦੇਸ਼ਾਂ ਵਿੱਚ ਨਾ ਰੁਲਣ ਅਤੇ ਇੱਥੇ ਹੀ ਰਹਿ ਕੇ ਆਪਣਾ ਚੰਗੇਰਾ ਭਵਿੱਖ ਬਣਾ ਸਕਣ।
ਇੱਥੇ ਤੁਹਾਨੂੰ ਦੱਸ ਦਈਏ ਕਿ ਫ਼ਰੀਦਕੋਟ ਦੇ ਦੂਜੇ ਨੌਜਵਾਨ ਦਾ ਮਨੀਲਾ ਵਿੱਚ ਕਤਲ ਹੋਇਆ ਹੈ। ਇਸ ਤੋਂ ਪਹਿਲਾਂ ਪਿੰਡ ਫ਼ਿੱਡੇ ਖ਼ੁਰਦ ਦੇ ਇੱਕ ਨੌਜਵਾਨ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪੀੜਤ ਮਾਪੇ ਜਿੱਥੇ ਹੁਣ ਆਪਣੇ ਲਾਡਲੇ ਦਾ ਆਖਰੀ ਸਮੇਂ ਵਿੱਚ ਮੂੰਹ ਵੇਖਣ ਨੂੰ ਤਰਸ ਰਹੇ ਹਨ, ਉੱਥੇ ਹੀ ਉਹ ਸੂਬਾ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੇ ਪੁੱਤ ਦੀ ਲਾਸ਼ ਪੰਜਾਬ ਮੰਗਵਾਉਣ ਦੀ ਮੰਗ ਕਰ ਰਹੇ ਹਨ।