ਫਰੀਦਕੋਟ : ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ 'ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਕਈ ਲੋਕ ਹੁਣ ਤੱਕ ਨਸ਼ਾ ਤਸਕਰੀ ਦੇ ਇਲਜਾਮਾਂ ਹੇਠ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸੇ ਤਹਿਤ ਅੱਜ ਫਰੀਦਕੋਟ ਦੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਇੱਕ ਔਰਤ ਸਣੇ ਕੋਈ ਚਾਰ ਵਿਅਕਤੀਆਂ ਨੂੰ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦੇ ਨਾਲ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਪਾਸੋਂ ਵੱਡੀ ਮਾਤਰਾ ਵਿੱਚ ਸਮਾਨ ਵੀ ਬਰਮਾਦ ਹੋਇਆ ਹੈ। ਜਾਣਕਾਰੀ ਮੁਤਾਬਿਕ ਪਹਿਲੇ ਮਾਮਲੇ 'ਚ ਪੁਲਿਸ ਟੀਮ ਵਲੋਂ ਭੋਲੂਵਾਲਾ ਰੋਡ 'ਤੇ ਜਾਂਚ ਕੀਤੀ ਜਾ ਰਹੀ ਸੀ। ਇਸ ਜਾਂਚ ਦੌਰਾਨ ਪੁਲਿਸ ਵਲੋਂ ਇਕ ਨੌਜਵਾਨ ਕੋਲੋਂ ਪੁੱਛਗਿੱਛ ਕੀਤੀ ਗਈ।
ਹਿਰਾਸਤ ਵਿੱਚ ਲਏ ਗਏ ਨੌਜਵਾਨ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਨਾਂ ਚੰਦਨ ਕੁਮਾਰ ਉਰਫ ਚੰਦੂ ਪੁੱਤਰ ਰਾਮ ਪੁਨੀਤ ਮੂਲ ਵਾਸੀ ਬਿਹਾਰ ਦੱਸਿਆ। ਜਾਣਕਾਰੀ ਮੁਤਾਬਿਕ ਉਕਤ ਦੋਸ਼ੀ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਪਾਸੋਂ 6 ਗ੍ਰਾਮ ਹੈਰੋਇਨ, ਇਕ ਕੰਪਿਊਟਰ ਕੰਡਾ ਅਤੇ 1 ਲੱਖ 59 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਇਸ ਤੋਂ ਬਾਅਦ ਪੁੱਛਗਿੱਛ ਦੇ ਆਧਾਰ 'ਤੇ ਦੋ ਹੋਰ ਮੁਲਜ਼ਮਾਂ ਦਲਜੀਤ ਸਿੰਘ ਅਤੇ ਉਸ ਦੀ ਮਾਤਾ ਰਾਜ ਕੌਰ ਨੂੰ 59 ਗ੍ਰਾਮ ਹੈਰੋਇਨ ਅਤੇ 66 ਰੁਪਏ ਦੀ ਡਰੱਗ ਮਨੀ ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ।
ਪੁਲਿਸ ਰਿਮਾਂਡ 'ਤੇ ਕਰੇਗੀ ਪੁੱਛਗਿੱਛ : ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਇੱਕ ਪੁਲਿਸ ਪਾਰਟੀ ਜੋ ਸੰਜੇ ਨਗਰ ਕੋਲ ਪਹੁੰਚੇ ਤਾਂ ਗਲੀ ਵਿੱਚ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਦੇਖਿਆ ਗਿਆ। ਸ਼ੱਕ ਦੇ ਅਧਾਰ ਉੱਤੇ ਜਦੋਂ ਉਸ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਂ ਸੂਰਜ ਕੁਮਾਰ ਉਰਫ਼ ਸਰੋਜ ਪੁੱਤਰ ਪਿਆਰੇ ਲਾਲ ਵਾਸੀ ਸੰਜੇ ਨਗਰ ਦੱਸਿਆ। ਇਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਦੌਰਾਨ ਸੂਰਜ ਕੁਮਾਰ ਦੇ ਹੱਥ 'ਚ ਫੜੇ ਲਿਫਾਫੇ 'ਚੋਂ ਚੀਨ ਦਾ ਬਣਿਆ ਕੰਪਿਊਟਰ ਕੰਡਾ, 6 ਮੋਬਾਇਲ ਅਤੇ 1.50 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਸਬੰਧੀ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸਵੇਰੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਉਹ ਕਿਵੇਂ ਕੰਮ ਕਰਦੇ ਸਨ। ਉਨ੍ਹਾਂ ਨੂੰ ਇਹ ਕਿੱਥੋਂ ਮਿਲਿਆ ਅਤੇ ਉਨ੍ਹਾਂ ਨੇ ਇਸ ਦੀ ਸਪਲਾਈ ਕਿਵੇਂ ਕੀਤੀ।