ਫ਼ਰੀਦਕੋਟ: ਸਥਾਨਕ ਪੁਲਿਸ ਨੇ 2 ਵਿਅਕਤੀਆਂ ਨੂੰ 5 ਲੱਖ 38 ਹਜ਼ਾਰ 900 ਰੁਪਏ ਦੀ ਜਾਅਲੀ ਕਰੰਸੀ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੇ 2 ਸਾਥੀ ਫ਼ਰਾਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਫ਼ਰੀਦਕੋਟ ਦੇ ਕਸਬਾ ਜੈਤੋ ਦੇ ਸੀਆਈਏ ਸਟਾਫ਼ ਦੇ ਇੰਚਾਰਜ ਐਸਆਈ ਕੁਲਬੀਰ ਸਿੰਘ ਨੂੰ ਗੁਪਤ ਸੁਚਨਾ ਮਿਲੀ ਸੀ ਕਿ ਜੈਤੋ ਦੇ ਨਜ਼ਦੀਕ ਕੁੱਝ ਸ਼ਾਤਰ ਲੋਕ ਜਾਅਲੀ ਕਰੰਸੀ ਸਪਲਾਈ ਕਰਨ ਲਈ ਆ ਰਹੇ ਹਨ।
ਇਸ ਨੂੰ ਲੈ ਕੇ ਪੁਲਿਸ ਨੇ ਨਾਕਾਬੰਦੀ ਕਰਕੇ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ 'ਤੇ ਸਵਾਰ 4 ਲੋਕਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਇਨ੍ਹਾਂ ਵਿੱਚੋਂ 2 ਵਿਅਕਤੀ ਜਿਹੜੇ ਐਕਟਿਵਾ 'ਤੇ ਸਵਾਰ ਸਨ, ਉਹ ਐਕਟਿਵਾ ਛੱਡ ਕੇ ਫ਼ਰਾਰ ਹੋ ਗਏ। ਜਦੋਂਕਿ ਮੋਟਰਸਾਈਕਲ 'ਤੇ ਸਵਾਰ ਦੋਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ 'ਚੋਂ ਇੱਕ ਦੋਸ਼ੀ ਕੋਲੋਂ 15,000 ਰੁਪਏ ਦੇ ਨਕਲੀ ਨੋਟ ਤੇ ਦੂਜੇ ਵਿਅਕਤੀ ਕੋਲੋਂ 21,000 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਸਖ਼ਤੀ ਨਾਲ ਪੁਛਗਿੱਛ ਕਰਨ ਤੋਂ ਬਾਅਦ ਫ਼ਰਾਰ ਦੋਹਾਂ ਕਥਿਤ ਦੋਸੀ, ਜੋ ਕਿ ਫ਼ਿਰੋਜ਼ਪੁਰ ਦੇ ਗੁਰੁਹਰਸਹਾਏ ਦੇ ਪਿੰਡ ਮੋਹਨਕੇ ਉਤਾੜ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਗਈ ਤਾਂ ਘਰ ਵਿੱਚ ਤਾਲਾ ਲੱਗਿਆ ਹੋਇਆ ਸੀ, ਜਦੋਕਿ ਦੂਜੇ ਵਿਅਕਤੀ ਗੁਰਮੀਤ ਸਿੰਘ, ਜੋ ਘਰ ਵਿਚ ਮੌਜੂਦ ਨਹੀਂ, ਉਸ ਦੀ ਘਰ ਦੀ ਤਲਾਸ਼ੀ ਲਈ ਤਾਂ ਉਸ ਦੇ ਘਰ 'ਚੋਂ ਕਣਕ ਦੇ ਡਰੰਮ ਵਿੱਚ ਲੁਕਾ ਕੇ ਰੱਖੀ ਕਰੀਬ 5 ਲੱਖ 2 ਹਜ਼ਾਰ 900 ਰੁਪਏ ਜਾਅਲੀ ਕਰੰਸੀ ਬਰਾਮਦ ਕੀਤੀ ਗਈ।
ਇਸ ਦੇ ਨਾਲ ਹੀ ਇੱਕ ਕੰਪਿਊਟਰ ਵੀ ਬਰਾਮਦ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।