ਫ਼ਰੀਦਕੋਟ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਸਾਰੇ ਵਿੱਦਿਆਕ ਅਦਾਰੇ ਸਰਕਾਰਾਂ ਨੇ ਬੰਦ ਕੀਤੀ ਹੋਏ ਹਨ। ਇਸ ਦੇ ਉਲਟ ਫ਼ਰੀਦਕੋਟ ਵਿੱਚ ਆਇਲੈਟਸ ਸੈਂਟਰ ਸ਼ਰੇਆਮ ਖੁੱਲ੍ਹੇ ਹੋਏ ਹਨ। ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਆਉਂਦੇ ਜਾਂਦੇ ਆਮ ਹੀ ਵੇਖਿਆ ਜਾ ਸਕਦਾ ਹੈ।
ਫ਼ਰੀਦਕੋਟ ਸ਼ਹਿਰ ਹਰਿੰਦਰ ਨਗਰ ਦੇ ਇੱਕ ਚੁਬਾਰੇ ਵਿਚ ਚੱਲ ਰਹੇ ਆਇਲੈਟਸ ਸੈਂਟਰ ਨੇ ਆਪਣੇ ਨਾਂਅ ਵਾਲੀ ਤਖ਼ਤੀ ਭਾਵੇਂ ਲਾਹੀ ਹੋਈ ਹੈ ਪਰ ਸ਼ਰੇਆਮ ਬਾਹਰੋਂ ਤਾਲਾ ਲਗਾ ਕੇ ਅੰਦਰ ਵਿਦਿਆਰੀਥਆਂ ਨੂੰ ਬੁਲਾਇਆ ਜਾਂਦਾ ਹੈ। ਜਦੋਂ ਸਾਡੀ ਟੀਮ ਨੇ ਇਸ ਸੈਂਟਰ ਦਾ ਦੌਰਾ ਕਰਕੇ ਪੂਰੀ ਕਾਰਵਾਈ ਨੂੰ ਕੈਮਰੇ ਵਿੱਚ ਕੈਦ ਕਰ ਲਿਆ ਤਾਂ ਕੈਮਰਾ ਵੇਖਦੇ ਹੀ ਸੈਂਟਰ ਮਾਲਕਾਂ ਨੇ ਬਾਹਰੋਂ ਮੁਲਾਜ਼ਮਾਂ ਬੁਲਾ ਕੇ ਗੇਟ ਤੇ ਲੱਗਿਆ ਤਾਲਾ ਖੁਲਵਾਇਆ ਅਤੇ ਅੰਦਰ ਮੌਜੂਦ ਕਰੀਬ 20 ਵਿਦਿਆਰਥੀਆਂ ਨੂੰ ਬਾਹਰ ਕੱਢਿਆ ।
ਜਦੋਂ ਇਸ ਸਬੰਧੀ ਸੈਂਟਰ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੈਂਟਰ ਖੋਲ੍ਹਣ ਦੀ ਕੋਈ ਮਨਜ਼ੂਰੀ ਤਾਂ ਉਨ੍ਹਾਂ ਨੇ ਨਹੀਂ ਲਈ ਹੋਈ। ਉਨ੍ਹਾਂ ਕਿਹਾ ਕਿ ਵਿਦਿਆਰੀਥਆਂ ਨੂੰ ਸਿਰਫ਼ 15 ਮਿੰਟ ਲਈ ਬੁਲਾਇਆ ਸੀ । ਵਿਦਿਆਥੀਆਂ ਦੇ ਪਾਸਪੋਰਟ ਵਾਪਸ ਕਰਨ ਲਈ ਬੁਲਾਇਆ ਗਿਆ ਸੀ।
ਇਸ ਤਰ੍ਹਾਂ ਸੈਂਟਰ ਦੇ ਖੁੱਲ੍ਹੇ ਹੋਣ ਬਾਰੇ ਜਦੋਂ ਤਹਿਸੀਲਦਾਰ ਫ਼ਰੀਦਕੋਟ ਪਰਮਜੀਤ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤੇ ਜੇਕਰ ਕਿਸੇ ਨੇ ਆਇਲੈਟਸ ਸੈਂਟਰ ਖੋਲ੍ਹ ਕੇ ਵਿਦਿਆਰਥੀਆਂ ਨੂੰ ਸੱਦਿਆ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।