ਫ਼ਰੀਦਕੋਟ: ਗ਼ਰੀਬਾਂ ਨੂੰ ਮੁਫ਼ਤ ਤੇ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਨੇ ਕੇਂਦਰ ਦੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੀ ਇਨਰੋਲਮੈਂਟ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਇਸ ਬੀਮੇ ਦੀ ਸੇਵਾਵਾਂ 20 ਅਗਸਤ ਤੋਂ ਜਨਹਿਤ ਵਿੱਚ ਜਾਰੀ ਕਰ ਰਹੀ ਹੈ। ਸਰਕਾਰ ਇਸ ਬੀਮੇ ਨਾਲ ਗ਼ਰੀਬਾਂ ਨੂੰ ਮੁਫ਼ਤ ਵਿੱਚ ਲਾਭ ਦੇਣ ਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਇਸ ਯੋਜਨਾ ਨੂੰ ਲੋਕਾਂ ਵਿੱਚ ਲੈ ਕੇ ਆਈ ਹੈ।
ਕਿੱਥੇ ਬਣ ਰਹੇ ਹਨ ਗੋਲਡ ਕਾਰਡ?
ਕਾਰਡ ਬਨਾਉਣ ਲਈ ਸਰਕਾਰ ਨੇ 1 ਅਗਸਤ ਤੋਂ 20 ਅਗਸਤ ਤੱਕ ਦੀ ਤਰੀਕ ਨਿਰਧਾਰਤ ਕੀਤੀ ਹੈ। ਇਹ ਕਾਰਡ ਇਲਾਕੇ ਵਿੱਚ ਮੌਜੂਦ ਸਰਕਾਰੀ ਹਸਪਤਾਲਾਂ, ਜ਼ਿਲ੍ਹੇ ਦੇ 100 ਕਾਮਨ ਸੇਵਾ ਕੇਂਦਰਾਂ, ਡੀਸੀ ਦਫਤਰ ਦੇ ਸੇਵਾ ਕੇਂਦਰ ਵਿੱਚ ਗੋਲਡ ਕਾਰਡ ਬਣਾਉਣ ਦੀ ਇਨਰੋਲਮੈਂਟ ਕੀਤੀ ਜਾ ਰਹੀ ਹੈ। ਇਹ ਕੰਮ ਸਨਿਚਰਵਾਰ ਤੇ ਐਤਵਾਰ ਸਮੇਤ ਛੁੱਟੀ ਵਾਲੇ ਦਿਨ ਵੀ ਚੱਲੇਗਾ।
ਕਿਹੜੇ-ਕਿਹੜੇ ਪਰੀਵਾਰ ਨੂੰ ਮਿਲੇਗਾ ਲਾਭ?
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਇਸ ਬੀਮਾ ਯੋਜਨਾਂ ਦਾ ਲਾਭ ਸਾਲ 2011 ਵਿੱਚ ਹੋਈ ਜਨਗਣਨਾ ਦੇ ਅਧਾਰ 'ਤੇ ਜ਼ਿਲ੍ਹਾ ਫ਼ਰੀਦਕੋਟ ਦੇ ਤਕਰੀਬਨ 1 ਲੱਖ 15 ਹਜ਼ਾਰ 933 ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਛੋਟੇ ਵਪਾਰੀ ਅਤੇ ਕਿਸਾਨ ਪਰਿਵਾਰ (ਜੇ ਫਾਰਮ ਹੋਲਡਰ), ਕਿਰਤ ਵਿਭਾਗ ਕੋਲ ਪ੍ਰੰਜੀਕ੍ਰਿਤ ਉਸਾਰੀ ਕਾਮੇ ਆਦਿ ਨੂੰ ਮਿਲੇਗਾ।
ਇਹ ਵੀ ਪੜ੍ਹੋ: ਕੌਮਾਂਤਰੀ ਨਗਰ ਕੀਰਤਨ ਬਾਬੇ ਨਾਨਕ ਦੇ ਸੋਹਰਾ ਘਰ ਤੋਂ ਪਠਾਨਕੋਟ ਲਈ ਰਵਾਨਾ
ਯੋਜਨਾ 'ਚ ਕੀ-ਕੀ ਲਾਭ ਮਿਲਣਗੇ?
ਡੀਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਉੱਕਤ ਪਰਿਵਾਰਾਂ ਦੀ ਸੁਵਿਧਾ ਲਈ ਆਯੂਸ਼ਮਾਨ ਭਾਰਤ ਸਿਹਤ ਬੀਮਾਂ ਯੋਜਨਾ ਦੇ ਅੰਤਰਗਤ 5 ਲੱਖ ਤੱਕ ਦੇ ਇਲਾਜ ਦੀ ਸੁਵਿਧਾ ਦੇਣ ਦੀ ਯੋਜਨਾ ਅਮਲ ਵਿੱਚ ਲਿਆਂਦੀ ਗਈ ਹੈ। ਇਨ੍ਹਾਂ ਵਰਗਾਂ ਦੇ ਲੋਕਾਂ ਨੂੰ ਇਸ ਯੋਜਨਾਂ ਦਾ ਲਾਭ ਦੇਣ ਲਈ 1 ਅਗਸਤ ਤੋਂ ਨਵੇਂ ਗੋਲਡਨ ਕਾਰਡ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਦਾ ਲਾਭ 20 ਅਗਸਤ 2019 ਤੋ ਬਾਅਦ ਜ਼ਰੂਰਤਮੰਦ ਪਰਿਵਾਰ ਸਰਕਾਰੀ ਅਤੇ ਮੰਨਜ਼ੂਰਸ਼ੁਦਾ ਗੈਰ ਸਰਕਾਰੀ ਹਸਪਤਾਲਾਂ ਵਿੱਚ ਲੈ ਸਕਣਗੇ। ਇਸ ਯੋਜਨਾ ਤਹਿਤ 1336 ਵੱਖ-ਵੱਖ ਤਰ੍ਹਾਂ ਦੇ ਇਲਾਜ ਨੂੰ ਕਵਰ ਕੀਤਾ ਜਾਵੇਗਾ ਅਤੇ ਕਰੌਨਿਕ ਬਿਮਾਰੀਆਂ ਤੋਂ ਪੀੜਤ ਲਾਭਪਾਤਰੀਆਂ ਦਾ ਇਲਾਜ ਵੀ ਬਿਲਕੁਲ ਮੁਫਤ ਹੋਵੇਗਾ।
ਡੀਸੀ ਨੇ ਦੱਸਿਆ ਕਿ ਇਸ ਸਕੀਮ ਤਹਿਤ 5 ਲੱਖ ਰੁ. ਪ੍ਰਤੀ ਸਾਲ ਤੱਕ ਪਰਿਵਾਰ ਦਾ ਕੋਈ ਵੀ ਮੈਂਬਰ ਸਿਹਤ ਸੇਵਾਵਾਂ ਦਾ ਮੁਫ਼ਤ ਵਿੱਚ ਲਾਭ ਲੈ ਸਕੇਗਾ। ਜੇਕਰ ਕਿਸੇ ਵੀ ਪਰਿਵਾਰਿਕ ਮੈਂਬਰ ਉੱਤੇ 2 ਲੱਖ ਦਾ ਖਰਚਾ ਆਉਂਦਾ ਹੈ ਤਾਂ 5 ਲੱਖ ਵਿੱਚੋਂ 2 ਲੱਖ ਘੱਟ ਕਰ ਕੇ ਬਾਕੀ 3 ਲੱਖ ਦਾ ਹੋਰ ਪਰਿਵਾਰਿਕ ਮੈਂਬਰ ਵੀ ਜ਼ਰੂਰਤ ਪੈਣ 'ਤੇ ਇਲਾਜ ਦੀ ਸੁਵਿਧਾ ਦਿੱਤੀ ਜਾਵੇਗੀ।
ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਵਾਲੇ ਪਰਿਵਾਰ ਵੀ ਲੈ ਸਕਦੇ ਹਨ ਲਾਭ
ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਵਿੱਚ ਸ਼ਾਮਿਲ ਗ਼ਰੀਬ ਪਰਿਵਾਰ ਵੀ ਇਸ ਨਵੀਂ ਯੋਜਨਾ ਦਾ ਲਾਭ ਲੈ ਸਕਣਗੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਫ਼ਰੀਦਕੋਟ ਦੇ ਕਾਮਨ ਸੇਵਾ ਕੇਂਦਰਾਂ ਤੇ ਜਾ ਕੇ ਬੀਮਾ ਯੋਜਨਾ ਦੇ ਕਾਰਡ ਬਣਨ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਰਡ ਬਣਾਉਣ ਸਮੇਂ ਆਪਣਾ ਆਧਾਰ ਕਾਰਡ, ਮੋਬਾਈਲ ਫ਼ੋਨ ਤੇ ਲੋੜੀਂਦੇ ਦਸਤਾਵੇਜ਼ ਜ਼ਰੂਰ ਲੈ ਕੇ ਆਉਣ।
ਯੋਜਨਾ ਨੂੰ ਲੈ ਕੇ ਸਰਕਾਰ ਹੈ ਪੂਰੀ ਤਿਆਰ
ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੁਆਰਾ ਇਸ ਯੋਜਨਾ ਨੂੰ ਸਫਲਤਾਪੂਰਵਕ ਚਲਾਉਣ ਲਈ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਯੋਜਨਾਂ ਦੇ ਅੰਤਰਗਤ ਡਾਕਟਰਾਂ ਅਤੇ ਸਰਕਾਰੀ ਹਸਪਤਾਲਾਂ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਸਬੰਧਿਤ ਹਸਪਤਾਲਾਂ ਵਿੱਚ ਅਰੋਗਿਆ ਮਿੱਤਰ ਤਾਇਨਾਤ ਕਰ ਦਿੱਤੇ ਗਏ ਹਨ। ਵਧੇਰੇ ਜਾਣਕਾਰੀ ਲਈ ਵਿਭਾਗ ਦੇ ਟੋਲ ਫ੍ਰੀ ਨੰ: 104 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਯੋਜਨਾ ਜ਼ਰੂਰਤਮੰਦ ਪਰਿਵਾਰਾਂ ਲਈ ਕਾਫ਼ੀ ਸਹਾਈ ਸਾਬਤ ਹੋਵੇਗੀ ਅਤੇ ਸਿਹਤ ਵਿਭਾਗ ਇਸ ਯੋਜਨਾ ਨੂੰ ਚਲਾਉਣ ਲਈ ਕਾਫ਼ੀ ਉਤਸ਼ਾਹਿਤ ਹੈ।