ਫ਼ਰੀਦਕੋਟ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਜ਼ਮਾਨਤ ਅਰਜ਼ੀ ਤੇ ਫ਼ਰੀਦਕੋਟ ਅਦਾਲਤ ਵਿਚ ਅੱਜ ਸੁਣਵਾਈ ਹੋਵੇਗੀ। ਡੇਰਾ ਮੁਖੀ ਵਲੋਂ ਬੇਅਦਬੀ ਮਾਮਲਿਆਂ ਨਾਲ ਸਬੰਧਿਤ ਮੁਕੱਦਮਾਂ ਨੰਬਰ 117 ਅਤੇ 128 ਵਿਚ ਜਮਾਨਤ ਅਰਜ਼ੀ ਲਗਾਈ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ 4 ਮਈ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ 3 ਮੁਕੱਦਮਿਆਂ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਫ਼ਰੀਦਕੋਟ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਈ ਸੀ ਅਤੇ ਸੁਣਵਾਈ ਲਈ ਅਗਲੀ ਤਾਰੀਖ 16 ਮਈ 2022 ਤੈਅ ਕੀਤੀ ਗਈ ਹੈ। ਗੱਲਬਾਤ ਕਰਦਿਆਂ ਬਚਾਅ ਪੱਖ ਦੇ ਵਕੀਲ ਵਿਨੋਦ ਕੁਮਾਰ ਮੌਂਗਾ ਨੇ ਦੱਸਿਆ ਕਿ ਬੇਅਦਬੀ ਨਾਲ ਸਬੰਧਿਤ ਮੁਕੱਦਮਾ ਨੰਬਰ 63, 117 ਅਤੇ 128 ਵਿੱਚ ਫਰੀਦਕੋਟ ਅਦਾਲਤ ਵਿੱਚ ਪੇਸ਼ੀ ਹੋਈ ਜਿਸ ਵਿੱਚ 3 ਭਗੌੜੇ ਦੋਸ਼ੀਆਂ ਨੂੰ ਛੱਡ ਬਾਕੀ ਸਾਰੇ ਹੀ ਨਾਮਜਦ ਪੇਸ਼ ਹੋਏ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਮਾਮਲਿਆਂ ਵਿੱਚ ਨਾਮਜਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਮਾਮਲਿਆਂ ਵਿੱਚ ਡੇਰਾ ਮੁਖੀ ਸਮੇਤ ਸਾਰੇ ਹੀ ਨਾਮਜਦਾਂ ਨੂੰ ਮੁਕੱਦਮਿਆਂ ਦੇ ਚਲਾਨ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਜਾਣੀਆਂ ਸਨ, ਪਰ ਉਹ ਮਿਲ ਨਹੀਂ ਸਕੀਆਂ ਹੁਣ ਅਗਲੀ ਸੁਣਵਾਈ 16 ਮਈ ਨੂੰ ਹੋਵੇਗੀ।
ਜਾਣਕਾਰੀ ਮੁਤਾਬਿਕ ਵਿਸ਼ੇਸ਼ ਜਾਂਚ ਟੀਮ ਨੇ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਦਰਜ ਐਫਆਈਆਰ ਨੰਬਰ 128 ਅਤੇ ਵਿਵਾਦਿਤ ਪੋਸਟਰ ਲਗਾਉਣ ਦੇ ਮਾਮਲੇ ਸਬੰਧੀ ਦਰਜ ਐਫਆਈਆਰ ਨੰਬਰ 117 ’ਚ ਮੁਖ ਦੋਸ਼ੀ ਵੱਜੋਂ ਨਾਮਜ਼ਦ ਕੀਤਾ ਗਿਆ। ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਐਸਆਈਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਮਾਮਲੇ ਸਬੰਧੀ ਦਰਜ ਐਫਆਈਆਰ ਨੰਬਰ 63 ’ਚ ਪਹਿਲਾਂ ਹੀ ਨਾਮਜ਼ਦ ਕਰ ਚੁੱਕੀ ਹੈ।
ਕੀ ਹੈ ਬਰਗਾੜੀ ਬੇਅਦਬੀ ਮਾਮਲਾ: ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਅਤੇ ਵਿਵਾਦਤ ਪੋਸਟਰ ਲਗਾਉਣ ਦੀਆਂ ਘਟਨਾਵਾਂ 'ਚ ਡੇਰਾ ਸੱਚਾ ਸੌਦਾ ਦੇ 6 ਪੈਰੋਕਾਰਾਂ 'ਤੇ ਕੇਸ ਚੱਲ ਰਿਹਾ ਹੈ। ਜਿਨ੍ਹਾਂ ’ਚ ਡੇਰਾ ਸਿਰਸਾ ਦੇ 6 ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਸੰਨੀ, ਸ਼ਕਤੀ ਸਿੰਘ ,ਰਣਜੀਤ ਸਿੰਘ ਭੋਲਾ ,ਮਨਜੀਤ ਸਿੰਘ, ਨਿਸ਼ਾਂਨ ਸਿੰਘ ਅਤੇ ਪ੍ਰਦੀਪ ਸਿੰਘ ਸ਼ਾਮਲ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਯਾਸੀਨ ਮਲਿਕ ਨੇ ਕਬੂਲਿਆ ਜੁਰਮ, ਕਸ਼ਮੀਰ 'ਚ ਕਰ ਰਿਹਾ ਸੀ ਅੱਤਵਾਦੀ ਫੰਡਿੰਗ