ਫ਼ਰੀਦਕੋਟ: ਕੋਰੋਨਾ ਵਾਇਰਸ ਦਾ ਜਿੱਥੇ ਕਹਿਰ ਲਗਾਤਾਰ ਜਾਰੀ ਹੈ, ਉੱਥੇ ਹੀ ਕਈਆਂ ਮਰੀਜ਼ਾਂ ਵਲੋਂ ਇਲਾਜ ਤੋਂ ਬਾਅਦ ਹੋਣ ਵਾਲੇ ਸੁਧਾਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜੋ ਕਿ ਹੋਰਾਂ ਮਰੀਜਾਂ ਦਾ ਹੌਂਸਲਾ ਵਧਾਉਂਦੀਆਂ ਹਨ। ਉੱਥੇ ਹੀ ਫਰੀਦਕੋਟ ਤੋਂ ਵੀ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਰੀਜ਼ ਆਨੰਦ ਗੋਇਲ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ।
ਆਨੰਦ ਗੋਇਲ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚੋਂ ਅੱਜ ਕਰੀਬ 20 ਦਿਨਾਂ ਬਾਅਦ ਪੂਰੀ ਤਰ੍ਹਾਂ ਸਿਹਤਯਾਬ ਹੋਣ ਤੋਂ ਬਾਅਦ ਛੁੱਟੀ ਮਿਲ ਗਈ ਹੈ। ਹਸਪਤਾਲ ਤੋਂ ਜਾਂਦੇ ਸਮੇਂ ਉਨ੍ਹਾਂ ਨੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ। ਫਰੀਦਕੋਟ ਦੇ ਜੀਜੀਐੱਸ ਮੈਡੀਕਲ ਹਸਪਤਾਲ ਵਿਚ ਉਸ ਦਾ ਬਹੁਤ ਵਧੀਆ ਇਲਾਜ ਹੋਇਆ ਤੇ ਅੱਜ ਉਸ ਨੂੰ ਛੁੱਟੀ ਮਿਲੀ ਹੈ।
ਆਨੰਦ ਨੇ ਕਿਹਾ ਕਿ ਡਾਕਟਰੀ ਅਮਲੇ ਦਾ ਬਹੁਤ ਸਹਿਯੋਗ ਰਿਹਾ ਜਿਨ੍ਹਾਂ ਨੇ ਹਰ ਲੋੜ ਨੂੰ ਪੂਰਾ ਕੀਤਾ ਤੇ ਪੂਰੀ ਤਨਦੇਹੀ ਨਾਲ ਉਸ ਦਾ ਇਲਾਜ ਕੀਤਾ। ਉਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ। ਜੇਕਰ ਕਿਸੇ ਨੂੰ ਇਸ ਬਿਮਾਰੀ ਦੇ ਲੱਛਣ ਦਿਸਣ ਤਾਂ ਉਹ ਆਪਣੀ ਸਿਹਤ ਜਾਂਚ ਸਮੇਂ ਸਿਰ ਕਰਵਾਉਣ ਤਾਂ ਜੋ ਇਸ ਭਿਆਨਕ ਬਿਮਾਰੀ ਨੂੰ ਹਰਾਇਆ ਜਾ ਸਕੇ।
ਇਹ ਵੀ ਪੜ੍ਹੋ: ਭਗਵੰਤ ਮਾਨ ਦੀ ਕੈਪਟਨ ਤੇ ਹਰਸਿਮਰਤ ਨੂੰ ਨਸੀਹਤ, 'ਬਿਮਾਰੀ ਰਾਜਾ ਜਾਂ ਰੰਕ ਨਹੀਂ ਦੇਖਦੀ'