ਜਲੰਧਰ/ਫ਼ਰੀਦਕੋਟ: ਕੋਰੋਨਾ ਵਾਇਰਸ ਪੂਰੇ ਪੰਜਾਬ ਵਿੱਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਹੁਣ ਦੋ ਨਵੇਂ ਮਾਮਲੇ ਜ਼ਿਲ੍ਹਾ ਜਲੰਧਰ ਅਤੇ ਫ਼ਰੀਦਕੋਟ ਵਿੱਚ ਸਾਹਮਣੇ ਆਏ ਹਨ। ਦੋਵੇਂ ਜ਼ਿਲ੍ਹੇ ਵਿੱਚ ਇੱਕ-ਇੱਕ ਕੋਰੋਨਾ ਦਾ ਪੌਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ।
ਜ਼ਿਲ੍ਹਾ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਦੀ ਜਾਣਕਾਰੀ ਨੋਡਲ ਅਫ਼ਸਰ ਟੀਪੀ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਪੌਜ਼ੀਟਿਵ ਪਾਈ ਗਈ ਮਹਿਲਾ ਦੇ ਪੁੱਤਰ ਦੇ ਕੋਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸੇ ਨਾਲ ਹੀ ਉਨ੍ਹਾਂ ਕਿਹਾ ਜ਼ਿਲ੍ਹੇ 'ਚੋਂ ਕੁੱਲ 109 ਨਮੂਨੇ ਭੇਜੇ ਗਏ ਸੀ, ਇਨ੍ਹਾਂ ਵਿੱਚ ਦੁਬਾਰਾ ਭੇਜੇ ਗਏ ਨਮੂਨੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਹੀ ਜਮਾਤੀਆਂ ਦੀ ਪਹਿਚਾਣ ਕਰਕੇ ਟੈਸਟ ਹੋ ਚੁੱਕੇ ਹਨ ਅਤੇ ਸਾਰੇ ਹੀ ਟੈਸਟ ਨੈਗਟਿਵ ਆਏ ਹਨ।
ਇਸੇ ਤਰ੍ਹਾਂ ਹੀ ਜ਼ਿਲ੍ਹਾ ਫ਼ਰੀਦਕੋਟ ਵਿੱਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 2 ਹੋ ਗਈ ਹੈ। ਜਾਣਕਾਰੀ ਅਨੁਸਾਰ ਤਬਲੀਗੀ ਜਮਾਤ ਦੇ 14 ਲੋਕਾਂ ਸਣੇ ਕੁੱਲ 61 ਸੈਂਪਲ ਜਾਂਚ ਰਿਪੋਰਟ ਨੈਗਟਿਵ ਆਈ ਸੀ ਅਤੇ ਬਾਕੀ ਰਹਿੰਦੇ 20 ਸ਼ੱਕੀਆਂ ਦੀ ਰਿਪੋਟ ਅੱਜ ਆਈ ਹੈ ਜਿਸ ਚੋਂ 19 ਲੋਕਾਂ ਦੀ ਰਿਪੋਰਟ ਨੈਗਟਿਵ ਹੈ ਅਤੇ ਇੱਕ ਵਿਅਕਤੀ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਸਿਵਲ ਸਰਜਨ ਡਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਪੌਜ਼ੀਟਿਵ ਆਇਆ ਵਿਅਕਤੀ ਪਹਿਲਾਂ ਤੋਂ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ 'ਚ ਆਇਆ ਸੀ। ਉਨ੍ਹਾਂ ਦੱਸਿਆ ਕਿ ਰਿਪੋਰਟ ਆਉਣ ਤੋਂ ਬਾਅਦ ਇਲਾਕੇ ਨੂੰ ਸੀਲ ਕੀਤਾ ਗਿਆ ਹੈ ਅਤੇ ਪੀੜਤ ਵਿਅਕਤੀ ਦੇ ਸੰਪਰਕ ਚ ਆਉਣ ਵਾਲੇ ਲੋਕਾਂ ਦੇ ਵੀ ਸੈਂਪਲ ਲਏ ਗਏ ਹਨ।
ਇਨ੍ਹਾਂ ਦੋ ਨਵੇਂ ਕੋਰੋਨਾ ਦੇ ਮਾਮਲਿਆਂ ਆਉਣ ਤੋਂ ਬਾਅਦ ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 101 ਤੱਕ ਪਹੁੰਚ ਗਈ ਹੈ ਅਤੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ।