ਫਰੀਦਕੋਟ: ਜੈਤੋ ਸਿਵਲ ਹਸਪਤਾਲ (Civil Hospital) ਦੇ ਵਿੱਚ ਅਜੀਬੋ ਗਰੀਬ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿਚੋਂ 50 ਵਾਇਲ ਕੋਵਿਡਸ਼ੀਲਡ ਚੋਰੀ ਹੋ ਗਏ ਹਨ। ਇੰਨ੍ਹਾਂ 50 ਵਾਈਲ 'ਚ 500 ਡੋਜ਼ ਕੋਰੋਨਾ ਦੀ ਵੈਕਸੀਨ ਹੁੰਦੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਹਸਪਤਾਲ ਵਿੱਚੋਂ 50 ਵਾਇਲ ਭਾਵ 500 ਡੋਜ ਕੋਰੋਨਾ ਵੈਕਸੀਨ (vaccine) ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਪੁਲਿਸ ਰਿਪੋਰਟ ਦਰਜ਼ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਕੋਵਿਸ਼ੀਲਡ ਵੈਕਸੀਨ ਚੋਰੀ ਕੀਤੀ ਗਈ ਹੈ।
ਇਸ ਮੌਕੇ ਡਾਕਟਰ ਵਰਿੰਦਰ ਕੁਮਾਰ ਵੱਲੋਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਚੋਰਾਂ ਵੱਲੋਂ ਚੋਰੀ ਕਰਨ ਦਾ ਮੰਤਵ ਸਮਝ ਨਹੀਂ ਆਇਆ, ਕਿਉਂਕਿ ਨਾ ਤਾਂ ਇਸ ਵੈਕਸੀਨ ਦੀ ਮਾਰਕੀਟ ਵਿੱਚ ਵਿਕਰੀ ਹੋਵੇਗੀ ਅਤੇ ਨਾ ਹੀ ਬਿਨਾਂ ਸਰਟੀਫਿਕੇਟ ਤੋਂ ਇਸ ਵੈਕਸੀਨ ਦੀ ਕੋਈ ਮਾਨਤਾ ਹੈ।
ਇਸ ਮੌਕੇ ਰਜੇਸ਼ ਕੁਮਾਰ ਨੇ ਦੱਸਿਆ ਕਿ SMO ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ 'ਚ ਮਾਮਲਾ ਕਾਫੀ ਸ਼ੱਕੀ ਨਜ਼ਰ ਆ ਰਿਹਾ ਹੈ ਕਿਉਕਿ ਤਾਲਾ ਵੀ ਨਹੀਂ ਟੁੱਟਿਆ ਅਤੇ ਨਾ ਕਿਸੇ ਚੀਜ਼ ਦੀ ਭੰਨਤੋੜ ਨਜ਼ਰ ਆਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਹੀ ਚੋਰੀ ਦਾ ਪਤਾ ਲਗਾਇਆ ਜਾਵੇਗਾ ਅਤੇ ਚੋਰਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।