ਫ਼ਰੀਦਕੋਟ: ਨਗਰ ਕੌਂਸਲ ਫ਼ਰੀਦਕੋਟ ਅਧੀਨ ਆਉਂਦੇ ਇਲਾਕਿਆਂ ਦੇ ਲੋਕਾਂ ਨੂੰ ਵਧੀਆ ਪੀਣ ਵਾਲੇ ਪਾਣੀ, ਸੜਕਾਂ ਸੀਵਰੇਜ਼ ,ਇੰਟਰਲਾਕਿੰਗ, ਪਾਰਕਾਂ ਆਦਿ ਦੀ ਸਹੂਲਤ ਦੇਣ ਲਈ ਕਰੋੜਾਂ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਖ਼ਾਸ ਕਰਕੇ ਗ਼ਰੀਬ ਵਰਗ ਦੇ ਲੋਕਾਂ ਨੂੰ ਦੁੱਖ ਸੁੱਖ ਦੇ ਸਮਾਗਮਾਂ ਲਈ ਵਧੀਆ ਸਹੂਲਤ ਪ੍ਰਦਾਨ ਕਰਨ ਲਈ ਸੱਤ ਨਵੀਆਂ ਧਰਮਸ਼ਾਲਾਵਾਂ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੱਠ ਪੁਰਾਣੀਆਂ ਧਰਮਸ਼ਾਲਾਵਾਂ ਦਾ ਨਵੀਨੀਕਰਨ ਕੀਤਾ ਗਿਆ ਹੈ।
![ਸ਼ਹਿਰ ਵਿੱਚ 7 ਨਵੀਆਂ ਧਰਮਸ਼ਾਲਾਵਾਂ ਦਾ ਹੋਇਆ ਨਿਰਮਾਣ](https://etvbharatimages.akamaized.net/etvbharat/prod-images/12919967_jj.jpg)
ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪਹਿਲੋਂ ਸ਼ਹਿਰ ਦੇ ਲੋਕਾਂ ਖ਼ਾਸ ਕਰਕੇ ਗ਼ਰੀਬ ਵਰਗ ਦੇ ਲੋਕਾਂ ਨੂੰ ਆਪਣੇ ਦੁੱਖ ਸੁੱਖ ਦੇ ਸਮਾਗਮਾਂ ਲਈ ਜਿੱਥੇ ਭਾਰੀ ਰਕਮ ਖ਼ਰਚ ਕਰਨੀ ਪੈਂਦੀ ਸੀ। ਉਥੇ ਉਨ੍ਹਾਂ ਨੂੰ ਇਨ੍ਹਾਂ ਸਮਾਗਮਾਂ ਲਈ ਆਪਣੇ ਘਰ ਦੇ ਨੇੜੇ ਢੁੱਕਵੀਂ ਥਾਂ ਵੀ ਨਹੀਂ ਮਿਲਦੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਸੱਤ ਨਵੀਆਂ ਧਰਮਸ਼ਾਲਾਵਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਜਦਕਿ ਅੱਠ ਪੁਰਾਣੀਆਂ ਧਰਮਸ਼ਾਲਾ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਸ ਤੇ 1 ਕਰੋੜ 74 ਲੱਖ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ ਹੈ।
ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਨਵੀਆਂ ਬਣੀਆਂ ਧਰਮਸ਼ਾਲਾਵਾਂ ਵਿੱਚ ਜੋਗੀਆਂ ਵਾਲੀ ਬਸਤੀ, ਮਾਲੀਆਂ ਵਾਲੀ ਬਸਤੀ, ਮਚਾਕੀ ਮੱਲ ਸਿੰਘ ਰੋਡ, ਸੰਜੇ ਨਗਰ ਬਸਤੀ, ਖੋਖਰਾਂ ਵਾਲਾ ਮੁਹੱਲਾ, ਦਸਮੇਸ਼ ਨਗਰ, ਅੰਬੇਦਕਰ ਨਗਰ ਅਤੇ ਬਲਬੀਰ ਬਸਤੀ ਸ਼ਾਮਿਲ ਹਨ। ਜਿੱਥੇ 1 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ ਨਵੀਂਆਂ ਧਰਮਸ਼ਾਲਾਵਾਂ ਬਣਾਈਆਂ ਗਈਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ ਵਿੱਚ ਅੱਠ ਧਰਮਸ਼ਾਲਾ ਦੀ ਰਿਪੇਅਰ ਕੀਤੀ ਗਈ ਹੈ, ਜਿਸ ਵਿਚ ਗੁਰੂ ਰਵਿਦਾਸ ਧਰਮਸ਼ਾਲਾ ਬਲਵੀਰ ਬਸਤੀ, ਸ਼ਹੀਦ ਬਲਵਿੰਦਰ ਸਿੰਘ ਨਗਰ, ਢੁੱਡੀ ਵਾਲਾ ਮੁਹੱਲਾ, ਭਗਵਾਨ ਪਰਸ਼ੂਰਾਮ ਧਰਮਸ਼ਾਲਾ ਫਿਰੋਜ਼ਪੁਰ ਰੋਡ, ਸੰਜੇ ਨਗਰ ਧਰਮਸ਼ਾਲਾ, ਬਾਬਾ ਜੀਵਨ ਸਿੰਘ ਨਗਰ, ਰਾਜਪੂਤਾਂ ਵਾਲਾ ਮੁਹੱਲਾ ਅਤੇ ਖੋਖਰਾਂ ਵਾਲਾ ਮੁਹੱਲਾ ਸ਼ਾਮਲ ਹਨ । ਇਨ੍ਹਾਂ ਦੇ ਨਵੀਨੀਕਰਨ ਤੇ 47 ਲੱਖ ਰੁਪਏ ਰਾਸ਼ੀ ਖ਼ਰਚ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਨਵੀਆਂ ਧਰਮਸ਼ਾਲਾਵਾਂ ਦੇ ਨਿਰਮਾਣ ਅਤੇ ਪੁਰਾਣੀਆਂ ਦੇ ਨਵੀਨੀਕਰਨ ਨਾਲ ਹੁਣ ਸ਼ਹਿਰ ਵਿਚ ਇਨ੍ਹਾਂ ਧਰਮਸ਼ਾਲਾਵਾਂ ਦੀ ਗਿਣਤੀ ਪੰਦਰਾਂ ਤੋਂ ਵੱਧ ਹੋ ਗਈ ਹੈ, ਤੇ ਹੁਣ ਇੱਥੋਂ ਦੇ ਵਸਨੀਕਾਂ ਖ਼ਾਸ ਕਰ ਗ਼ਰੀਬ ਵਰਗ ਨੂੰ ਆਪਣੇ ਦੁੱਖ ਸੁੱਖ ਦੇ ਸਮਾਗਮ ਕਰਨ ਵਿਚ ਵੱਡੀ ਰਾਹਤ ਮਿਲੀ ਹੈ।
ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੂਰੇ ਸ਼ਹਿਰ ਵਿਚ ਵਿਕਾਸ ਕਾਰਜ ਜ਼ੋਰਾਂ ਤੇ ਚੱਲ ਰਹੇ ਹਨ ਅਤੇ ਸ਼ਹਿਰ ਵਿੱਚ ਸੌ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸੀਵਰੇਜ, ਇੰਟਰ ਲਾਕਿੰਗ, ਪੀਣ ਵਾਲੇ ਪਾਣੀ, ਸੜਕਾਂ ਆਦਿ ਤੇ ਖ਼ਰਚੀ ਜਾ ਰਹੀ ਹੈ, ਅਤੇ ਇਸ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਵੀ ਵਿਕਾਸ ਕਾਰਜ ਚੰਗੀ ਪੱਧਰ ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਉਹ ਗੱਲਾਂ ਵਿੱਚ ਨਹੀਂ ਬਲਕਿ ਪ੍ਰੈਕਟੀਕਲ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ, ਤੇ ਆਉਣ ਵਾਲੇ ਦੋ ਤਿੰਨ ਮਹੀਨਿਆਂ ਵਿੱਚ ਹੀ ਫ਼ਰੀਦਕੋਟ ਦਾ ਵਿਕਾਸ ਲੋਕਾਂ ਦੇ ਸਾਹਮਣੇ ਹੋਵੇਗਾ।