ਫਰੀਦਕੋਟ: ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਸਾਬਕਾ ਆਈਜੀ ਪਰਮਰਾਜ ਉਮਰਾਨੰਗਲ ਅਦਾਲਤ ਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਨਾਰਕੋ ਟੈਸਟ ਲਈ ਸਹਿਮਤੀ ਪੇਸ਼ ਕੀਤੀ ਹੈ।
ਸਾਬਕਾ ਆਈਜੀ ਉਮਰਾਨੰਗਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਰੂ ਤੋਂ ਹੀ ਹਰ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ ਅਤੇ ਉਹ ਅੱਗੇ ਵੀ ਸਹਿਯੋਗ ਦਿੰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਐਸਆਈਟੀ (SIT) ਦੀ ਮੰਗ ’ਤੇ ਹੀ ਨਾਰਕੋ ਟੈਸਟ ਲਈ ਸਹਿਮਤੀ ਦਿੱਤੀ ਹੈ ਚਾਹੇ ਇਹ ਪੰਜ ਵਾਰ ਕਿਉਂ ਨਾ ਕਰਵਾ ਲਿਆ ਜਾਵੇ, ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਦਾ ਵੀ ਨਾਰਕੋ ਟੈਸਟ ਕੀਤਾ ਜਾਵੇ। ਕੁੰਵਰ ਵਿਜੈ ਪ੍ਰਤਾਪ ਵੱਲੋਂ ਨਿੱਜੀ ਰੰਜਿਸ਼ ਦੇ ਚੱਲਦੇ ਹੀ ਉਨ੍ਹਾਂ ਨਾਲ ਇਸ ਤਰ੍ਹਾਂ ਵਤੀਰਾ ਕੀਤਾ ਜਾ ਰਿਹਾ ਹੈ। ਸਾਬਕਾ ਆਈਜੀ ਉਮਰਾਨੰਗਲ ਨੇ ਕਿਹਾ ਕਿ ਕੋਟਕਪੂਰਾ ਘਟਨਾਕ੍ਰਮ ਸਮੇਂ ਮੇਰੀ ਮੌਜੂਦਗੀ ਨਿਯਮ ਮੁਤਾਬਿਕ ਸੀ ਪਰ ਬਹਿਬਲ ਗੋਲੀਕਾਂਡ ਚ ਉਨ੍ਹਾਂ ਦੀ ਮੌਜੂਦਗੀ ਨਾ ਹੋਣ ਦੇ ਬਾਵਜੁਦ ਵੀ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫਿਰ ਵੀ ਉਹ ਅੱਗੇ ਵੀ ਜਾਂਚ ਚ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।
ਦੱਸ ਦਈਏ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਚ ਨਵੀਂ ਬਣੀ ਐਸਆਈਟੀ (SIT) ਵੱਲੋਂ ਸਾਬਕਾ ਡੀਜੀਪੀ (DGP) ਸੁਮੇਧ ਸੈਣੀ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਆਈਜੀ ਪਰਮਰਾਜ ਉਮਰਾਨੰਗਲ ਦੇ ਨਾਰਕੋ ਟੈਸਟ ਦੀ ਇਜਾਜ਼ਤ ਲੈਣ ਲਈ ਦਰਖ਼ਾਸਤ ਦਿੱਤੀ ਸੀ, ਜਿਸ ’ਤੇ ਸੁਮੇਧ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਇਨਕਾਰ ਕਰ ਦਿੱਤਾ ਸੀ ਜਦਕਿ ਸਾਬਕਾ ਆਈਜੀ ਪਰਮਰਾਜ ਉਮਰਾਨੰਗਲ ਵੱਲੋਂ ਆਪਣੀ ਸਹਿਮਤੀ ਜਤਾਈ ਗਈ ਸੀ।
ਇਹ ਵੀ ਪੜੋ: 2022 ਲਈ ਸੁਖਬੀਰ ਬਾਦਲ ਦਾ ਇੱਕ ਹੋਰ ਵੱਡਾ ਚੋਣ ਵਾਅਦਾ, ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਕੀਤਾ ਇਹ ਐਲਾਨ