ਫਰੀਦਕੋਟ : ਫਰੀਦਕੋਟ ਜਿਲ੍ਹੇ ਵਿੱਚ ਸਾਲ 2015 ਦੇ ਬਹੁਚਰਚਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨਾਲ ਜੁੜੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਦੇ ਗਵਾਹਾਂ ਨੇ ਬੀਤੇ ਦਿਨੀ ਫਰੀਦਕੋਟ ਦੀ ਅਦਾਲਤ ਵਿੱਚ ਇਕ ਅਰਜੀ ਦਾਇਰ ਕਰਕੇ ਆਪਣੇ ਬਿਆਨ ਮੁੜ ਤੋਂ ਦਰਜ ਕਰਵਾਏ ਜਾਣ ਦੀ ਮੰਗ ਕੀਤੀ ਹੈ। ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆ ਸਿਫਾਰਸ਼ਾਂ ਉੱਤੇ ਤਤਕਾਲੀ ਪੰਜਾਬ ਸਰਕਾਰ ਵੱਲੋਂ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸਦੇ ਮੁਖੀ ਏਡੀਜੀਪੀ ਪ੍ਰਬੋਧ ਕੁਮਾਰ ਨੂੰ ਲਗਾਇਆ ਗਿਆ ਸੀ ਅਤੇ ਉਹਨਾਂ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਵੀ ਤੈਨਾਤ ਕੀਤੇ ਗਏ ਸਨ।
ਹਾਈਕੋਰਟ ਨੇ ਜਾਂਚ ਕੀਤੀ ਸੀ ਖਾਰਜ : ਕੁੱਲ 5 ਉੱਚ ਪੱਧਰ ਦੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਇਕੱਲੇ ਕੁੰਵਰ ਵਿਜੇ ਪ੍ਰਤਾਪ ਵਲੋਂ ਲੀਡ ਕੀਤਾ ਗਿਆ ਸੀ ਅਤੇ ਵੱਖ-ਵੱਖ ਸਮਿਆਂ ਉੱਤੇ ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਕਰੀਬ 9 ਚਲਾਨ ਅਦਾਲਤ ਵਿਚ ਦਾਇਰ ਕੀਤੇ ਗਏ ਸਨ, ਜਿਸ ਵਿਚ ਵੱਖ-ਵੱਖ ਗਵਾਹਾਂ ਅਤੇ ਮੌਕੇ ਦੇ ਗਵਾਹਾਂ ਦੇ ਬਿਆਨ ਵੀ ਦਰਜ ਸਨ। ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਆਪਣੀਆਂ ਸੇਵਾਵਾਂ ਤੋਂ ਅਸਤੀਫਾ ਦੇ ਦਿੱਤਾ ਸੀ।
3 ਜਲਾਈ ਨੂੰ ਹੋਵੇਗੀ ਅਗਲੀ ਸੁਣਵਾਈ : ਹੁਣ ਇਸ ਮਾਮਲੇ ਦੇ ਗਵਾਹਾਂ ਵੱਲੋਂ ਫਰੀਦਕੋਟ ਅਦਾਲਤ ਵਿਚ ਬੀਤੇ ਦਿਨੀ ਇਕ ਅਰਜੀ ਦਾਖਲ ਕਰਕੇ ਮੰਗ ਕੀਤੀ ਗਈ ਹੈ ਕਿ ਉਹਨਾਂ ਦੇ ਜੋ ਬਿਆਨ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਵਿਸ਼ੇਸ ਜਾਂਚ ਟੀਮ ਨੇ ਦਰਜ ਕੀਤੇ ਸਨ, ਉਹ ਸਹੀ ਨਹੀਂ ਹਨ ਅਤੇ ਉਹਨਾਂ ਵਿਚ ਤਰੂਟੀਆਂ ਹਨ ਇਸ ਲਈ ਨਵੀਂ ਐਸਆਈਟੀ ਉਹਨਾਂ ਦੇ ਬਿਆਨ ਮੁੜ ਤੋਂ ਦਰਜ ਕਰੇ। ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਥਾਣਾ ਬਾਜਾਖਾਨਾ ਦੇ ਐੱਸਐੱਚਓ ਨੂੰ ਤਲਬ ਕਰ ਲਿਆ ਗਿਆ ਹੈ ਅਤੇ ਅਗਲੀ ਸੁਣਾਵਈ 3 ਜੁਲਾਈ ਨੂੰ ਰੱਖੀ ਗਈ ਹੈ।
- ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਬੀਬੀ ਜਗੀਰ ਕੌਰ ਦਾ ਪੰਜਾਬ ਸਰਕਾਰ 'ਤੇ ਹਮਲਾ, ਕਿਹਾ-ਵੱਡੀ ਸਾਜ਼ਿਸ਼ ਤਹਿਤ ਦਖਲਅੰਦਾਜ਼ੀ ਦੀ ਹੋ ਰਹੀ ਕੋਸ਼ਿਸ਼
- ਮੁੱਖ ਮੰਤਰੀ ਮਾਨ ਦੇ ਮਾਨਸਾ ਦੌਰੇ ’ਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਦੀ ਤਿਆਰੀ, ਜਾਣੋ ਕੀ ਹਨ ਮੰਗਾਂ
- World Music Day 21 June: ਸਮੇਂ ਦੇ ਨਾਲ-ਨਾਲ ਪੰਜਾਬੀ ਸੰਗੀਤ ਹੋਇਆ ਆਧੁਨਿਕ, ਅਲੋਪ ਹੋਏ ਕਈ ਲੋਕ ਸਾਜ਼, ਦੇਖੋ ਖਾਸ ਰਿਪੋਰਟ
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਵਿਸ਼ੇਸ ਜਾਂਚ ਟੀਮ ਵੱਲੋਂ ਜੋ ਬਿਆਨ ਦਰਜ ਕੀਤੇ ਗਏ ਹਨ, ਉਹਨਾਂ ਵਿੱਚ ਕੁਝ ਤਤਕਾਲੀ ਪੁਲਿਸ ਅਫਸਰਾਂ ਦੀ ਭੂਮਿਕਾ ਬਾਰੇ ਸਹੀ ਬਿਆਨ ਦਰਜ ਨਹੀਂ ਹੋਏ ਹਨ, ਜਿਸਨੂੰ ਲੈ ਕੇ ਗਵਾਹਾਂ ਵੱਲੋਂ ਸਵਾਲ ਉਠਾਏ ਗਏ ਹਨ ਅਤੇ ਅਸੰਤੁਸ਼ਟੀ ਪ੍ਰਗਟਾਈ ਜਾ ਰਹੀ ਹੈ। ਇਸੇ ਨੂੰ ਲੈ ਕੇ ਉਹਨਾਂ ਵੱਲੋਂ ਮਾਨਯੋਗ ਅਦਾਲਤ ਦਾ ਰੁੱਖ ਕੀਤਾ ਗਿਆ ਹੈ ਅਤੇ ਮੁੜ ਤੋਂ ਬਿਆਨ ਦਰਜ ਕਰਵਾਏ ਜਾਣ ਦੀ ਮੰਗ ਕੀਤੀ ਜਾ ਰਹੀ।