ਜ਼ੀਰਾ: ਹਰਿਆਣਾ ਵਿੱਚ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਰੋਡ ਜਾਮ ਕੀਤੇ ਗਏ। ਹਾਲਾਂਕਿ ਇਹ ਜਾਮ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਕੀਤੇ ਗਏ ਸਨ। ਇਸੇ ਦੇ ਚੱਲਦੇ ਜ਼ੀਰਾ ਕਿਸਾਨਾਂ ਵੱਲੋਂ 12 ਤੋਂ 2 ਵਜੇ ਤੱਕ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਨਾਲ ਬੀਬੀਆਂ ਅਤੇ ਬੱਚੇ ਵੀ ਪਹੁੰਚੇ। ਇਨ੍ਹਾਂ ਕਿਸਾਨਾਂ ਨੇ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਮੰਗ ਕੀਤੀ ਹੈ, ਕਿ ਹਰਿਆਣਾ ਪੁਲਿਸ ਤੇ ਹਰਿਆਣਾ ਦੇ ਉਸ ਐੱਸ.ਡੀ.ਐੱਮ. ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਜਿਸ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ ਕਰਨ ਦੇ ਹੁਕਮ ਦਿੱਤੇ।
ਕਿਸਾਨਾਂ ‘ਤੇ ਹੋਏ ਇਸ ਲਾਠੀਚਾਰਜ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੂੰ ਜ਼ਿੰਮੇਵਾਰ ਦੱਸਿਆ, ਨਾਲ ਹੀ ਕਿਸਾਨਾਂ ਵੱਲੋਂ ਬੀਜੇਪੀ ‘ਤੇ ਕਿਸਾਨ ਮਾਰੂ ਇਲਜ਼ਾਮ ਲਗਾਏ ਗਏ।
ਇਸ ਮੌਕੇ ਪ੍ਰਦਰਸ਼ਨ ਵਿੱਚ ਪਹੁੰਚੀਆਂ ਬੀਬੀਆਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ, ਕਿ ਅਸੀਂ ਦਿੱਲੀ ਜਾਣ ਲਈ ਹਰਿਆਣਾ ਵਿੱਚ ਨੂੰ ਹੋ ਕੇ ਜਾਣਾ ਹੈ, ਜੇਕਰ ਖੱਟਰ ਸਰਕਾਰ ਵਿੱਚ ਦਮ ਹੈ, ਤਾਂ ਉਹ ਸਾਡੇ ਨਾਲ ਦੋ-ਦੋ ਹੱਥ ਕਰਕੇ ਵੇਖੇ।
ਕਿਸਾਨਾਂ ਦਾ ਇਹ ਸਾਰਾ ਪ੍ਰਦਰਸ਼ਨ ਉਨ੍ਹਾਂ ਤਿੰਨ ਖੇਤੀ ਕਾਨੂੰਨਾਂ ਕਰਕੇ ਹੋ ਰਿਹਾ ਹੈ, ਜੋ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ ਹਨ। ਹਾਲਾਂਕਿ ਕਿਸਾਨਾਂ ਵੱਲੋਂ ਸਾਫ਼ ਕੀਤਾ ਗਿਆ ਹੈ, ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਕਿਸਾਨਾਂ ਦਾ ਧਰਨੇ ਜਾਰੀ ਰਹਿਣਗੇ।