ਫ਼ਰੀਦਕੋਟ: ਪਿੰਡ ਚਹਿਲ ਦੇ ਕੁੱਝ ਕਿਸਾਨਾਂ ਉੱਤੇ ਪਰਾਲੀ ਨੂੰ ਅੱਗ ਲਗਾਉਣ ਕਰਕੇ ਐਫਆਈਆਰ ਦਰਜ ਕੀਤੀ ਗਈ ਹੈ। ਕਿਸਾਨਾਂ ਮੁਤਾਬਕ ਉਨ੍ਹਾਂ ਨੇ ਆਪਣੇ ਖੇਤ 'ਚ ਪਿਛਲੇ ਦੋ ਸਾਲ ਤੋਂ ਅੱਗ ਹੀ ਨਹੀਂ ਲਗਾਈ ਅਤੇ ਹੁਣ ਤੱਕ ਵੀ ਪਰਾਲੀ ਵੀ ਉਨ੍ਹਾਂ ਦੇ ਖੇਤ ਵਿੱਚ ਹੀ ਪਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਚਹਿਲ ਦੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਉੱਤੇ ਪਰਾਲੀ ਸਾੜਣ ਸਬੰਧੀ ਪਰਚਾ ਦਰਜ ਹੋਇਆ ਤਾਂ ਉਹ ਮੌਕੇ ਉੱਤੇ ਮੌਜੂਦ ਨਹੀਂ ਸਨ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਏ ਹੋਏ ਸਨ। ਕਿਸਾਨਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਕਰੀਬ 9 ਲੋਕਾਂ ਉੱਤੇ ਪਰਚਾ ਦਰਜ ਹੋਇਆ ਜਿਸ ਵਿਚੋਂ ਇੱਕ ਹੀ ਪਰਿਵਾਰ ਦੇ ਪੰਜ ਮੈਂਬਰ ਹਨ। ਉਨ੍ਹਾਂ ਨੇ ਦੱਸਿਆ ਕਿ ਅਸੀਂ ਪਿਛਲੇ ਸਾਲ ਵੀ ਪਰਾਲੀ ਦੀਆਂ ਗੱਠਾਂ ਬਣਾਈਆਂ ਸਨ ਅਤੇ ਇਸ ਵਾਰ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ, ਪਰਾਲੀ ਹੁਣ ਤੱਕ ਵੀ ਖੇਤ ਵਿੱਚ ਹੀ ਪਈ ਹੋਈ ਫਿਰ ਵੀ ਸਾਡੇ ਉੱਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ 'ਤੇ ਦਰਜ ਹੋਏ ਝੂਠੇ ਮੁਕੱਦਮੇ ਰੱਦ ਕੀਤੇ ਜਾਣ।
ਇਸ ਸੰਬੰਧ ਵਿੱਚ ਜਦੋਂ ਡਿਪਟੀ ਕਮਿਸ਼ਨਰ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਕੁੱਝ ਕਿਸਾਨ ਆਏ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਉਨ੍ਹਾਂ ਉੱਤੇ ਪਰਾਲੀ ਸਾੜਣ ਨੂੰ ਲੈ ਕੇ ਜੋ ਐਫਆਈਆਰ ਦਰਜ ਕੀਤੀ ਗਈ। ਇਸ ਸੰਬੰਧ ਵਿੱਚ ਉਨ੍ਹਾਂ ਕਿਹਾ ਕਿ ਐਸਡੀਐਮ ਦੀ ਅਗਵਾਈ ਵਿੱਚ ਇੱਕ ਟੀਮ ਤਿਆਰ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਉੱਤੇ ਗਲਤ ਮੁਕੱਦਮਾ ਦਰਜ ਹੋਇਆ ਤਾਂ ਉਸ ਨੂੰ ਰੱਦ ਕੀਤਾ ਜਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਅੱਗੇ ਅਪੀਲ ਵੀ ਕੀਤੀ ਕਿ ਉਹ ਪਰਾਲੀ ਨੂੰ ਨਾ ਅੱਗ ਲਗਾਉਣ ਕਿਉਂਕਿ ਇਸਦੇ ਨਾਲ ਮਾਹੌਲ ਵੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਬੀਮਾਰੀਆਂ ਲੱਗਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ।