ਫ਼ਰੀਦਕੋਟ: 2 ਦਿਨ ਪਹਿਲਾਂ ਹੋਏ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਦੇ ਕਤਲ ਮਾਮਲੇ ਵਿੱਚ ਫਿਲਹਾਲ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪੋਸਟਮਾਰਟਮ ਦੇ ਬਾਅਦ ਖੁਲਾਸਾ ਕੀਤਾ ਹੈ ਕਿ ਗੁਰਲਾਲ ਭਲਵਾਨ ਨੂੰ 45 ਬੋਰ ਦੀਆਂ 12 ਗੋਲੀਆਂ ਲਗੀਆਂ ਸਨ ਜਦੋਂ ਕਿ ਪੁਲਿਸ ਨੂੰ ਮੌਕੇ ਤੋਂ 14 ਖੌਕੇ ਮਿਲੇ ਹਨ।
ਇਸ ਘਟਨਾ ਵਿੱਚ ਪੁਲਿਸ ਨੇ ਮ੍ਰਿਤਕ ਦੇ ਪਿਤਾ ਸੁਖਚੈਨ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਹਮਲਾਵਰਾਂ 'ਤੇ ਕੇਸ ਦਰਜ ਕੀਤਾ ਹੈ ਅਤੇ ਜਾਂਚ ਲਈ ਕਈ ਟੀਮਾਂ ਗਠਿਤ ਕਰ ਦਿੱਤੀਆਂ ਹਨ।
ਉਥੇ ਹੀ ਦੂਜੇ ਪਾਸੇ ਇਸ ਘਟਨਾ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਫੇਸਬੁੱਕ ਉੱਤੇ ਜਿੰਮੇਵਾਰੀ ਲਈ ਸੀ ਤੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਸੀ ਕਿ ਗੁਰਲਾਲ ਭੁੱਲਰ ਨੂੰ ਉਨ੍ਹਾਂ ਕਈ ਵਾਰ ਸਮਝਾਇਆ ਕਿ ਉਹ ਹੋਰ ਪਾਰਟੀਆਂ ਨਾਲ ਮਿਲ ਕੇ ਉਨ੍ਹਾਂ ਬਿਸ਼ਨੋਈ ਗਰੁੱਪ ਦੇ ਖ਼ਿਲਾਫ਼ ਕੰਮ ਨਾ ਕਰੇ ਪਰ ਉਹ ਸਮਝਿਆ ਨਹੀਂ। ਉਨ੍ਹਾਂ ਨੇ ਨਾਲ ਹੀ ਕੁਝ ਸਮਾਂ ਪਹਿਲਾਂ ਮੁਹਾਲੀ ਵਿਖੇ ਮਾਰੇ ਗਏ ਕੋਟਕਪੂਰਾ ਦੇ ਨਾਲ ਲਗਦੇ ਪਿੰਡ ਬੁਰਜ ਹਰੀ ਸਿੰਘ ਵਾਲਾ ਦੇ ਗੁਰਲਾਲ ਬਰਾੜ ਦਾ ਜ਼ਿਕਰ ਵੀ ਕੀਤਾ ਕਿ ਉਸ ਨੂੰ ਮਾਰਿਆ ਗਿਆ ਸੀ ਜਦੋਂਕਿ ਉਸ ਦਾ ਕੋਈ ਕਸੂਰ ਨਹੀਂ ਸੀ ਅਤੇ ਨਾ ਹੀ ਉਹ ਕਦੇ ਕਿਸੇ ਨਾਲ ਲੜਿਆ ਸੀ। ਉਨ੍ਹਾਂ ਇੱਕ ਤਰ੍ਹਾਂ ਗੁਰਲਾਲ ਸਿੰਘ ਭੁੱਲਰ ਦੀ ਮੌਤ ਨੂੰ ਗੁਰਲਾਲ ਬਰਾੜ ਦੇ ਕਤਲ ਦੇ ਬਦਲੇ ਵਜੋਂ ਦਰਸਾਇਆ ਗਿਆ ਹੈ ਅਤੇ ਨਾਲ ਹੀ ਇਕ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਗੁਰਲਾਲ ਬਰਾੜ ਦਾ ਬਦਲਾ ਪੁਰਾ ਨਹੀਂ ਹੋ ਜਾਂਦਾ ਤਦੋਂ ਤੱਕ ਉਹ ਨਾ ਜਿਉਣਗੇ ਨਾ ਜਿਉਣ ਦੇਣਗੇ।
ਇਸ ਮਾਮਲੇ ਵਿੱਚ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਗੈਂਗਸਟਰ ਲਿੰਕ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਹੱਥ ਕਈ ਮਹੱਤਵਪੁਰਨ ਸੁਰਾਗ ਲੱਗੇ ਹਨ, ਛੇਤੀ ਹੀ ਦੋਸ਼ੀ ਗ੍ਰਿਫ਼ਤ ਵਿੱਚ ਹੋਣਗੇ।