ਫ਼ਰੀਦਕੋਟ : ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਨੂੰ ਦੱਸਣ ਕਿ ਉਹ ਹਮੇਸ਼ਾ ਮੋਦੀ ਸਰਕਾਰ ਦੇ ਵਿਰੋਧ ਤੋਂ ਕਿਉਂ ਭੱਜ ਜਾਂਦੇ ਹਨ ਤੇ ਪੰਜਾਬੀਆਂ ਖ਼ਾਸ ਤੌਰ 'ਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਕਰ ਲੈਂਦੇ ਹਨ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਮਬੰਸ ਰੋਮਾਣਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵੱਲੋਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪਾਸ ਕੀਤਾ ਮਤਾ ਕੇਂਦਰ ਸਰਕਾਰ ਅਤੇ ਸੰਸਦ ਕੋਲ ਨਾ ਭੇਜ ਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਉਨ੍ਹਾਂ ਦਾ ਕੀ ਅਤੇ ਕਿਸ ਨਾਲ ਸੌਦਾ ਹੋਇਆ ਜਿਸ ਕਾਰਨ ਉਨ੍ਹਾਂ ਨੇ ਪੰਜਾਬੀਆਂ ਦੀ ਆਵਾਜ਼ ਕੇਂਦਰ ਤੱਕ ਨਹੀਂ ਪਹੁੰਚਾਈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੋਦੀ ਸਰਕਾਰ ਨਾਲ ਕਿਸ ਗੱਲ ਪਿੱਛੇ ਸੌਦਾ ਕਰਦੇ ਹਨ, ਕੀ ਉਹ ਆਪਣੇ ਵਿਰੁੱਧ ਈ.ਡੀ ਅਤੇ ਇਨਕਮ ਟੈਕਸ ਕੇਸਾਂ ਤੋਂ ਡਰਦੇ ਹਨ ਜਾਂ ਫ਼ਿਰ ਉਨ੍ਹਾਂ ਦੇ ਮਿੱਤਰਾਂ ਦੇ ਵੀਜ਼ੇ ਦਾ ਮਸਲਾ ਹੈ ਜਾਂ ਹੋਰ ਕੀ ਅਜਿਹਾ ਲੁਕਵਾਂ ਕਾਰਨ ਹੈ, ਜਿਸ ਕਾਰਨ ਉਹ ਮੋਦੀ ਸਰਕਾਰ ਦੇ ਵਿਰੋਧ ਤੋਂ ਹਮੇਸ਼ਾ ਭੱਜ ਜਾਂਦੇ ਹਨ।
ਰੋਮਾਣਾ ਨੇ ਕਿਹਾ ਕਿ ਅਮਰਿੰਦਰ ਸਿੰਘ ਅਕਾਲੀਆਂ 'ਤੇ ਦੂਸ਼ਣਬਾਜ਼ੀ ਕਰ ਰਹੇ ਹਨ ਕਿ ਉਹ ਵਿਧਾਨ ਸਭਾ ਇਜਲਾਸ ਵਿੱਚ ਨਹੀਂ ਆਏ ਜਦਕਿ ਸਪੀਕਰ ਵੱਲੋਂ ਅਕਾਲੀ ਦਲ ਨੂੰ ਲਿਖਿਆ ਪੱਤਰ ਅਤੇ ਉਨ੍ਹਾਂ ਦਾ ਆਪਣਾ ਬਿਆਨ ਰਿਕਾਰਡ ਦਾ ਹਿੱਸਾ ਹੈ ਜਿਸ ਵਿੱਚ ਉਨ੍ਹਾਂ ਨੇ ਸੈਸ਼ਨ ਵਿੱਚ ਨਾ ਆਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਕਾਲੀ ਵਿਧਾਇਕਾਂ ਦੇ ਘਰਾਂ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ, ਜਿਸ ਨੂੰ ਸਾਰੇ ਚੈਨਲਾਂ ਨੇ ਲਾਈਵ ਵਿਖਾਇਆ ਸੀ।