ਫ਼ਰੀਦਕੋਟ: ਬੀਤੇ ਦਿਨ ਸ਼ਹਿਰ ’ਚ ਠੇਕੇਦਾਰ ਕਰਨ ਕਟਾਰੀਆ ਵੱਲੋਂ ਆਪਣੇ ਦੋ ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਮਗਰੋਂ ਕਰਨ ਕਟਾਰੀਆ ਦੀ ਪਤਨੀ ਬਚ ਗਈ ਜੋ ਜ਼ੇਰੇ ਇਲਾਜ ਹੈ। ਜਦਕਿ ਕਰਨ ਕਟਾਰੀਆ ਅਤੇ ਉਸਦੇ ਦੋਨੋਂ ਬੱਚਿਆ ਦੀ ਮੌਤ ਹੋ ਗਈ ਸੀ, ਇਸ ਮਾਮਲੇ ’ਚ ਸ਼ਹਿਰ ਦੇ ਲੋਕਾਂ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਲਾ ਮੁਬਾਰਕ ਚੌਂਕ ਤੋਂ ਘੰਟਾ ਘਰ ਚੌਂਕ ਤੱਕ ਕੈਂਡਲ ਮਾਰਚ ਕੱਢਿਆ।
ਸ਼ਹਿਰ ਵਾਸੀਆਂ ਨੇ ਪੁਲਿਸ ’ਤੇ ਚੁੱਕੇ ਸਵਾਲ
ਇਸ ਮੌਕੇ ਸ਼ਹਿਰ ਵਾਸੀਆਂ ਨੇ ਫ਼ਰੀਦਕੋਟ ਪੁਲਿਸ ’ਤੇ ਮਾਮਲੇ ਨੂੰ ਦਬਾਉਣ ਤੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਸ਼ਹਿਰ ਵਾਸੀਆਂ ਨੇ ਕਿਹਾ ਕਿ ਫ਼ਰੀਦਕੋਟ ਵਿੱਚ ਬੀਤੇ ਦਿਨੀਂ ਬਹੁਤ ਮੰਦਭਾਗੀ ਘਟਨਾ ਵਾਪਰੀ ਸੀ। ਜਿਸ ਕਾਰਨ ਇਕੋਂ ਪਰਿਵਾਰ ਦੇ ਤਿੰਨ ਜੀਅ ਮੌਤ ਦੇ ਮੂੰਹ ਵਿੱਚ ਜਾ ਪਏ। ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਭ੍ਰਿਸ਼ਟ ਰਾਜਨੀਤਕ ਸਿਸਟਮ ਦੇ ਚੱਲਦੇ ਹੋਇਆ ਅਤੇ ਫ਼ਰੀਦਕੋਟ ਪੁਲਿਸ ਵੀ ਹੁਣ ਇਸ ਭ੍ਰਿਸ਼ਟਤੰਤਰ ਦਾ ਹਿੱਸਾ ਬਣਦੇ ਹੋਏ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਬਜਾਏ ਮਾਮਲੇ ਨੂੰ ਦਬਾਉਣ ਲਈ ਪੀੜਤ ਪਰਿਵਾਰ ’ਤੇ ਦਬਾਅ ਪਾ ਰਹੀ ਹੈ।