ਫ਼ਰੀਦਕੋਟ: ਬਹਿਬਲ ਕਲਾਂ ਗੋਲੀਕਾਂਡ 'ਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦਾ ਆਦਮ ਕੱਦ ਬੁੱਤ ਉਨ੍ਹਾਂ ਦੇ ਜੱਦੀ ਪਿੰਡ ਬਹਿਬਲ ਖ਼ੁਰਦ, ਨਿਆਮੀ ਵਾਲਾਂ ਵਿਖੇ ਸਥਾਪਿਤ ਕੀਤਾ ਗਿਆ।
ਕੀ ਹੈ ਪੂਰਾ ਮਾਮਲਾ
14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਹੋਏ ਗੋਲੀਕਾਂਡ 'ਚ ਮਾਰੇ ਗਏ ਪਿੰਡ ਨਿਆਮੀਂ ਵਾਲਾ ਦੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸਰਧਾਂਜਲੀ ਦੇਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਪਿੰਡ 'ਚ ਕਮਿਊਨਟੀ ਸੈਂਟਰ ਦੀ ਉਸਾਰੀ ਕੀਤੀ ਗਈ ਹੈ, ਉਥੇ ਹੀ ਕ੍ਰਿਸ਼ਨ ਸਿੰਘ ਦੀ ਮਾਤਾ ਵੱਲੋਂ ਉਸ ਦਾ ਆਦਮ ਕੱਦ ਬੁੱਤ ਕਮਿਊਨਟੀ ਸੈਂਟਰ ਦੇ ਬਾਹਰ ਸਥਾਪਤ ਕਰਵਾਇਆ ਗਿਆ ਹੈ। ਇਸ ਮੌਕੇ ਫ਼ਰੀਦਕੋਟ ਹਲਕੇ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਬੁੱਤ ਦਾ ਉਦਘਾਟਨ ਕੀਤਾ। ਇਸ ਦੌਰਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਅਤੇ ਉਨ੍ਹਾਂ ਦੀ ਪਤਨੀ ਨੇ ਕਾਂਗਰਸੀ ਵਿਧਾਇਕ ਵੱਲੋਂ ਬੁੱਤ ਦਾ ਉਦਘਾਟਨ ਕੀਤੇ ਜਾਣ ਦਾ ਵਿਰੋਧ ਕੀਤਾ ਤੇ ਉਹ ਦੋਵੇਂ ਉਦਘਾਟਨ ਸਮਾਰੋਹ 'ਚ ਸ਼ਾਮਲ ਨਹੀਂ ਹੋਏ।
ਕਾਂਗਰਸ 'ਤੇ ਸਾਧਿਆ ਨਿਸ਼ਾਨਾ
ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਮ੍ਰਿਤਕ ਦੀ ਪਤਨੀ ਤੇ ਪੁੱਤਰ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਕਾਂਗਰਸੀ ਵਿਧਾਇਕ ਵੱਲੋਂ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਕੀਤੇ ਜਾਣ ਬਾਰੇ ਨਹੀਂ ਦੱਸਿਆ ਗਿਆ। ਉਨ੍ਹਾਂ ਆਖਿਆ ਕਿ ਬੁੱਤ ਲਗਾਏ ਜਾਣ ਉੱਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਬਲਕਿ ਉਨ੍ਹਾਂ ਨੇ ਇਸ ਗੱਲ 'ਤੇ ਇਤਰਾਜ਼ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਾਪਰੀ ਇਸ ਘਟਨਾ ਦੇ ਆਧਾਰ 'ਤੇ ਕਾਂਗਰਸ ਸਰਕਾਰ ਸੱਤਾ 'ਚ ਆਈ ਹੈ। ਕਾਂਗਰਸ ਸਰਕਾਰ ਦੇ 3 ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਯਾਦਗਾਰਾਂ ਬਣਾਉਣ ਜਾਂ ਬੁੱਤ ਲਗਾਉਣ ਦਾ ਕੋਈ ਫਾਇਦਾ ਨਹੀਂ ਸਗੋਂ ਇਹ ਮੁੜ ਜ਼ਖਮਾਂ ਨੂੰ ਤਾਜ਼ੇ ਕਰਨ ਵਾਲਾ ਕੰਮ ਹੈ।
ਕਮਿਊਨਿਟੀ ਸੈਂਟਰ ਦਾ ਕੰਮ ਅਧੂਰਾ
ਉਧਰ ਦੂਸਰੇ ਪਾਸੇ ਮ੍ਰਿਤਕ ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਵੱਲੋਂ ਇਹ ਬੁੱਤ ਬਣਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ 'ਚ ਉਸਾਰੇ ਗਏ ਕਮਿਊਨਿਟੀ ਸੈਂਟਰ ਦਾ ਕੰਮ ਵੀ ਅਧੂਰਾ ਹੈ। ਕਾਂਗਰਸੀ ਵਿਧਾਇਕ ਵੱਲੋਂ ਉਦਘਾਟਨ ਕਰਵਾਉਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਸਰਕਾਰਾਂ ਮੁਤਾਬਕ ਚੱਲਣਾ ਪੈਂਦਾ ਹੈ।