ਫ਼ਰੀਦਕੋਟ: ਦਿੱਲੀ ਵਿਚ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਹੁਣ ਪੰਜਾਬ ਵਿਚ ਆਪਣਾ ਅਧਾਰ ਮਜ਼ਬੂਤ ਕਰਨ ਲਈ ਮਿਸ਼ਨ-2022 ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਪਾਰਟੀ ਪਿੰਡ ਪੱਧਰ 'ਤੇ ਇਕੱਠ ਕਰਕੇ ਲੋਕਾਂ ਨੂੰ ਆਪ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕਰ ਚੁੱਕੀ ਹੈ। ਸ਼ੁੱਕਰਵਾਰ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਖੀ ਕਲਾਂ ਵਿਚ ਰੱਖੇ ਗਏ ਪਾਰਟੀ ਦੇ ਇਕੱਠ ਨੂੰ ਸੰਬੋਧਨ ਕਰਨ ਲਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਪਹੁੰਚੇ ਅਤੇ ਕੈਪਟਨ ਸਰਕਾਰ ਖਿਲਾਫ਼ ਸਿਆਸੀ ਬਿਆਨਬਾਜ਼ੀ ਕੀਤੀ।
ਇਸ ਮੌਕੇ ਜਿਥੇ ਭਗਵੰਤ ਮਾਨ ਨੇ ਦਿੱਲੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਉਥੇ ਹੀ ਬਾਦਲ ਪਰਿਵਾਰ ਨੂੰ ਵੀ ਰਗੜੇ ਲਗਾਏ। ਉਹਨਾਂ ਪੰਜਾਬ ਦੇ ਮੰਦੜੇ ਹਾਲ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ।
ਇਸ ਮੌਕੇ ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਗਏ 2020-21 ਦੇ ਸਲਾਨਾ ਬਜਟ ਨੂੰ ਵੀ ਨਕਾਰਾਤਮਕ ਅਤੇ ਆਮ ਲੋਕਾਂ ਲਈ ਨਿਗੁਣਾ ਬਜਟ ਕਰਾਰ ਦਿੱਤਾ।
ਭਗਵੰਤ ਮਾਨ ਨੇ ਕਿਹਾ ਕਿ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਗਏ ਬਜਟ ਵਿੱਚ ਵਿਕਾਸ ਦੀਆਂ ਗੱਲਾਂ ਘੱਟ ਜਦੋਂਕਿ ਉਰਦੂ ਦੇ ਸ਼ੇਅਰ ਜ਼ਿਆਦਾ ਸਨ। ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਕਿਸੇ ਵੀ ਬਜਟ ਲਈ ਕੁਝ ਖਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਸਾਹਿਬ ਦੱਸਣ ਕਿ ਪੰਜਾਬ ਦੀ ਆਮਦਨ ਵਧਾਉਣ ਲਈ ਬਜਟ ਵਿੱਚ ਕੀ ਰੱਖਿਆ ਗਿਆ।
ਇਸ ਦੇ ਨਾਲ ਹੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਡੀਜੀਪੀ ਦਿਨਕਰ ਗੁਪਤਾ ਵਲੋਂ ਦਿੱਤੇ ਵਿਵਾਦਿਤ ਬਿਆਨ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਡੀਜੀਪੀ ਸਾਹਿਬ ਦੱਸਣ ਕਿ ਜੋ ਲੋਕ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕ ਕੇ 6 ਘੰਟਿਆਂ ਵਿੱਚ ਵਾਪਿਸ ਪਰਤਣ ਵਾਲੇ ਤਾਂ ਤੁਹਾਡੀ ਨਜ਼ਰ ਵਿੱਚ ਅੱਤਵਾਦੀ ਹਨ ਫਿਰ ਜੋ ਪਾਕਿਸਤਾਨੀ ਅਰੂਸਾ ਆਲਮ ਪਿਛਲੇ 6 ਸਾਲਾਂ ਤੋਂ ਪੰਜਾਬ ਵਿਚ ਰਹਿ ਰਹੀ ਹੈ, ਜਿਸ ਨਾਲ ਤੁਹਾਡੀਆਂ ਫੋਟੋ ਹਨ, ਉਹ ਕੌਣ ਹੈ ?
ਇਹ ਵੀ ਪੜੋ: ਖ਼ਜ਼ਾਨਾ ਮੰਤਰੀ ਨੇ 1,54,805 ਕਰੋੜ ਦਾ ਬਜਟ ਕੀਤਾ ਪੇਸ਼, ਜਾਣੋਂ ਕਿਸ ਨੂੰ ਕੀ-ਕੀ ਮਿਲਿਆ
ਭਗਵੰਤ ਮਾਨ ਨੇ ਅਰੂਸਾ ਆਲਮ ਦੇ ਵੀਜ਼ੇ 'ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਗ੍ਰਹਿ ਵਿਭਾਗ ਚੈੱਕ ਕਰੇ ਅਰੂਸਾ ਆਲਮ ਕੋਲ ਕਿਹੜਾ ਵੀਜ਼ਾ ਹੈ ਕਿਉਂਕਿ ਵੀਜ਼ਾ ਸ਼ਹਿਰ ਦੇ ਅਧਾਰ 'ਤੇ ਲੱਗਦਾ ਹੈ ਪਰ ਮੁੱਖ ਮੰਤਰੀ ਸਾਹਿਬ ਉਨ੍ਹਾਂ ਨੂੰ ਹਿਮਾਚਲ ਵੀ ਲੈ ਜਾਂਦੇ ਹਨ। ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਆਉਣ 'ਤੇ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ, ਸਿਰਫ਼ ਮੀਡੀਆ ਵਿੱਚ ਉੱਡੀਆਂ ਗੱਲਾਂ ਹਨ।