ਫ਼ਰੀਦਕੋਟ: ਬੇਅਦਬੀ ਮਾਮਲੇ ਵਿੱਚ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠਲੀ ਸਿੱਟ ਟੀਮ ਵੱਲੋਂ ਸ਼ਨਿੱਚਰਵਾਰ ਨੂੰ ਬੇਅਦਬੀ ਕਾਂਡ ਨਾਲ ਸਬੰਧਤ ਦਰਜ ਐੱਫ਼ਆਈਆਰ ਨੰਬਰ 63 ਥਾਣਾ ਬਾਜਾਖਾਨਾ ਵਿੱਚ, ਜਿਸ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੋਰੀ ਕਰਨ, ਪੋਸਟਰ ਲਾਉਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕਰਨ ਦੇ ਦੋਸ਼ ਹਨ। ਇਸ ਮਾਮਲੇ ਵਿੱਚ ਫ਼ਰੀਦਕੋਟ ਅਤੇ ਕੋਟਕਪੂਰਾ ਦੇ 7 ਵਿਅਕਤੀਆਂ ਨੂੰ ਕਥਿਤ ਤੌਰ 'ਤੇ ਗ੍ਰਿਫ਼ਤਾਰ ਕਰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਵਿੱਚੋਂ ਅਦਾਲਤ ਨੇ 5 ਲੋਕਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ, ਜਦਕਿ 2 ਨੂੰ ਪਹਿਲਾਂ ਤੋਂ ਹੀ ਅਗਾਉਂ ਜ਼ਮਾਨਤ ਹੋਣ ਦੇ ਚਲਦੇ ਰਿਹਾਅ ਕਰ ਦਿੱਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਾਂਚ ਟੀਮ ਪ੍ਰਮੁੱਖ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਚੋਰੀ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਾਮਲੇ ਵਿੱਚ ਦਰਜ ਐੱਫ਼ਆਈਆਰ ਨੰਬਰ 63 ਵਿੱਚ ਸ਼ਨਿੱਚਰਵਾਰ ਨੂੰ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇਹ ਪਹਿਲੀਆਂ ਗ੍ਰਿਫ਼ਤਾਰੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਇਨ੍ਹਾਂ ਤੋਂ ਪੁੱਛਗਿੱਛ ਵਿੱਚ ਕਈ ਸੁਰਾਗ ਮਿਲਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਮਾਮਲਿਆਂ ਦੀ ਜਾਂਚ ਲਈ ਜਦ ਕੁਝ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਦ ਪੁੱਛਗਿੱਛ ਵਿੱਚ ਸਾਹਮਣੇ ਆਇਆ ਸੀ ਕਿ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਵਿੱਚ ਇਨ੍ਹਾਂ ਸਭ ਦੀ ਸ਼ਮੂਲੀਅਤ ਸੀ, ਇਸੇ ਲਈ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜੋੋੋੋ: ਗੁਰਪਤਵੰਤ ਸਿੰਘ ਪੰਨੂੰ ਦਾ ਸਾਥੀ ਜੋਗਿੰਦਰ ਸਿੰਘ ਗੁੱਜਰ ਭੁਲੱਥ ਤੋਂ ਗ੍ਰਿਫ਼ਤਾਰ