ਫ਼ਰੀਦਕੋਟ: ਸ਼ਹਿਰ ਵਿੱਚ ਬਾਬਾ ਫ਼ਰੀਦ ਰੀਲੀਜੀਅਸ ਤੇ ਚੈਰੀਟੇਬਲ ਸੁਸਾਇਟੀ, ਗੁਰਦੁਆਰਾ ਗੋਦੜੀ ਸਾਹਿਬ ਤੇ ਬਾਬਾ ਫ਼ਰੀਦ ਸੋਸਾਇਟੀ ਦੇ ਚੈਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਇੰਦਰਜੀਤ ਸਿੰਘ ਖ਼ਾਲਸਾ ਨੇ 'ਅਵਾਰਡ ਆਫ਼ ਆਨੇਸਟੀ' ਅਤੇ 'ਭਗਤ ਪੂਰਨ ਸਿੰਘ ਅਵਾਰਡ' ਦੇਣ ਲਈ ਇਮਾਨਦਾਰ ਵਿਅਕਤੀਆਂ ਦੇ ਨਾਵਾਂ ਦੇ ਸੁਝਾਅ ਮੰਗੇ। ਇਸ ਅਵਾਰਡ ਦੇਣ ਸਬੰਧੀ ਅਰਜ਼ੀਆਂ 30 ਅਗਸਤ ਤੱਕ ਦਿੱਤੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਵਿਧਾਨਸਭਾ ਦਾ ਮਾਨਸੂਨ ਇਜਲਾਸ: ਆਮ ਆਦਮੀ ਪਾਰਟੀ ਦਾ ਸਦਨ ਦੇ ਬਾਹਰ ਹੰਗਾਮਾ
ਇਸ ਬਾਰੇ ਇੰਦਰਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਹਰ ਸਾਲ ਬਾਬਾ ਫ਼ਰੀਦ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ 19 ਸਤੰਬਰ ਤੋਂ 23 ਸਤੰਬਰ ਤੱਕ ਲਾਏ ਜਾਣ ਵਾਲੇ ਧਾਰਮਿਕ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ 2 ਮਹੱਤਵਪੂਰਣ ਅਵਾਰਡ ਜੋ ਕਿ ਮਨੁੱਖਤਾ ਦੀ ਸੇਵਾ ਸਬੰਧੀ ਕਾਰਜਾਂ ਲਈ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਦੇਣ ਲਈ ਨਾਵਾਂ ਦੇ ਸੁਝਾਅ ਮੰਗੇ ਗਏ ਹਨ।
ਉਨ੍ਹਾਂ ਦੱਸਿਆ ਕਿ ਦੋਹਾਂ ਅਵਾਰਡਾਂ 'ਚ 1 ਲੱਖ ਰੁਪਏ ਇੱਕ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਤੇ ਹੁਣ ਤੱਕ ਸੁਸਾਇਟੀ ਵੱਲੋਂ 31 ਵਿਅਕਤੀਆਂ ਨੂੰ ਬਾਬਾ ਫ਼ਰੀਦ ਅਵਾਰਡ ਆਫ਼ ਆਨੇਸਟੀ' ਤੇ 26 ਵਿਅਕਤੀਆਂ ਨੂੰ ਭਗਤ ਪੂਰਨ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਨ੍ਹਾਂ 'ਚ ਕਿਰਨ ਬੇਦੀ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਂਅ ਵੀ ਸ਼ਾਮਿਲ ਹਨ।
ਸੁਸਾਇਟੀ ਦੇ ਚੇਅਰਮੈਨ ਨੇ ਕਿਹਾ ਕਿ ਅਵਾਰਡ ਆਫ਼ ਆਨੇਸਟੀ ਲਈ ਕੋਈ ਵੀ ਕਿਸੇ ਸੱਚੇ ਤੇ ਇਮਾਨਦਾਰ ਵਿਅਕਤੀ ਦਾ ਨਾਂਅ ਤਜਵੀਜ ਕਰਵਾਇਆ ਜਾ ਸਕਦਾ ਹੈ। ਇਸ 'ਤੇ ਕਮੇਟੀ ਵੱਲੋਂ ਵਿਚਾਰ ਕੀਤਾ ਜਾਵੇਗਾ ਤੇ ਭਗਤ ਪੂਰਨ ਸਿੰਘ ਅਵਾਰਡ ਕਿਸੇ ਅਜਿਹੀ ਸੰਸਥਾ ਨੂੰ ਵੀ ਦਿੱਤਾ ਜਾ ਸਕਦਾ ਹੈ ਜੋ ਮਨੁੱਖਤਾ ਦੀ ਸੇਵਾ ਲਈ ਯਤਨਸ਼ੀਲ ਹੋਵੇ।